ਖਡੂਰ ਸਾਹਿਬ ਦੀ ਸਿਆਸਤ ਗਰਮਾਈ: ਬ੍ਰਹਮਪੁਰਾ ਨੇ ਸੀਐਮ ਮਾਨ ਨੂੰ ਲਿਖਿਆ ਪੱਤਰ
ਸ਼੍ਰੋਮਣੀ ਅਕਾਲੀ ਦਲ ਵਿੱਚ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਲੈ ਕੇ ਅੰਦਰੂਨੀ ਤਣਾਅ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪਾਰਟੀ ਵੱਲੋਂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਪਤਨੀ ਰਮਨਦੀਪ ਕੌਰ ਨੂੰ ਹਲਕੇ ਦਾ ਇੰਚਾਰਜ ਨਿਯੁਕਤ ਕਰਨ ਤੋਂ ਬਾਅਦ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਸਹਿਮਤੀ ਜਤਾਈ ਹੈ। ਟਕਸਾਲੀ ਆਗੂ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ, ਜੋ ਇਸ ਹਲਕੇ ਤੋਂ ਤਿੰਨ ਵਾਰ ਚੋਣ ਲੜ ਚੁੱਕੇ ਹਨ, ਨੇ ਕਿਸੇ ਵਿਅਕਤੀ ਦਾ ਨਾਮ ਲਏ ਬਿਨਾਂ ਪਾਰਟੀ ਦੇ ਫ਼ੈਸਲੇ ਅਤੇ ਸਥਾਨਕ ਨੇਤ੍ਰਿਤਵ ’ਤੇ ਸਵਾਲ ਉਠਾਏ ਹਨ। ਇਸ ਮਾਮਲੇ ਨੇ ਪਾਰਟੀ ਅੰਦਰ ਚਲ ਰਹੇ ਕਲੇਸ਼ ਨੂੰ ਉਜਾਗਰ ਕਰ ਦਿੱਤਾ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਖਡੂਰ ਸਾਹਿਬ ਇਲਾਕੇ ਵਿੱਚ ਵਧ ਰਹੇ ‘ਦਾਗ਼ੀ’ ਅਤੇ ਸ਼ੱਕੀ ਪਿਛੋਕੜ ਵਾਲੇ ਤੱਤਾਂ ਬਾਰੇ ਚਿੰਤਾ ਜਤਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਅਜਿਹੇ ਲੋਕਾਂ ਨੂੰ ਸਿਆਸੀ ਅਤੇ ਸਮਾਜਿਕ ਸਰਪ੍ਰਸਤੀ ਮਿਲ ਰਹੀ ਹੈ, ਜੋ ਨਸ਼ਾ ਤਸਕਰੀ ਵਰਗੇ ਗੰਭੀਰ ਅਪਰਾਧਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਆਪਣੇ ਪੱਤਰ ਵਿੱਚ ਅਪੀਲ ਕੀਤੀ ਕਿ ਗੁਰੂਆਂ ਦੀ ਪਵਿੱਤਰ ਚਰਨ ਛੋਹ ਵਾਲੀ ਖਡੂਰ ਸਾਹਿਬ ਦੀ ਧਰਤੀ ਨੂੰ ਅਜਿਹੇ ਗੈਰ-ਸਮਾਜਿਕ ਤੱਤਾਂ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਇਸਦੇ ਨਾਲ ਹੀ, ਬ੍ਰਹਮਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਸਖ਼ਤ ਕਾਨੂੰਨਾਂ ਦੀ ਲਾਗੂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਅਤੇ ਖਡੂਰ ਸਾਹਿਬ ਦੀ ਸੰਗਤ ਨਸ਼ਾ ਤਸਕਰਾਂ ਦੀ ਹਮਾਇਤ ਕਰਨ ਵਾਲੇ ਸਿਆਸਤਦਾਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਕਿਸੇ ਸਿਆਸੀ ਦਬਾਅ ਦੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਆਕਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਖਡੂਰ ਸਾਹਿਬ ਹਲਕਾ ਲੰਮੇ ਸਮੇਂ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਪਰਿਵਾਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਹੁਣ ਪਾਰਟੀ ਵੱਲੋਂ ਨਵੀਂ ਨਿਯੁਕਤੀ ਹੋਣ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਸਿਆਸੀ ਭਵਿੱਖ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਪਿਛੋਕੜ ਵਿੱਚ ਉਨ੍ਹਾਂ ਨੇ ‘ਖਡੂਰ ਸਾਹਿਬ ਦੀ ਪਵਿੱਤਰਤਾ’ ਦੀ ਰੱਖਿਆ ਦੇ ਨਾਂ ’ਤੇ ਮੁੱਖ ਮੰਤਰੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪਾਰਟੀ ਅੰਦਰ ਉਭਰੀ ਇਹ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਹੋਰ ਗੰਭੀਰ ਰੂਪ ਧਾਰ ਸਕਦੀ ਹੈ ਅਤੇ ਇਸ ਦਾ ਅਸਰ ਖੇਤਰ ਦੀ ਸਿਆਸਤ ’ਤੇ ਵੀ ਪੈ ਸਕਦਾ ਹੈ।
Posted By: Daily Suraj Bureau