ਜੰਗਲੀ ਰਸਤਿਆਂ ਰਾਹੀਂ ਤਸਕਰੀ, ਦੋ ਊਠਾਂ ਨਾਲ ਲਿਆਂਦੀ ਜਾ ਰਹੀ ਸ਼ਰਾਬ ਬਰਾਮਦ
ਗੈਰ-ਕਾਨੂੰਨੀ ਤਸਕਰੀ ਦੇ ਤਰੀਕਿਆਂ ਵਿੱਚ ਇੱਕ ਵਿਲੱਖਣ ਮੋੜ ਸਾਹਮਣੇ ਆਇਆ ਹੈ, ਜਿੱਥੇ ਦੱਖਣੀ ਦਿੱਲੀ ਵਿੱਚ ਊਠਾਂ ਨੂੰ ਤਸਕਰੀ ਲਈ ਵਰਤਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪੁਲੀਸ ਨੇ ਇੱਕ ਅਜਿਹੇ ਸ਼ਰਾਬ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਚੈਕ ਪੁਆਇੰਟਾਂ ਅਤੇ ਸੜਕ ਨਿਗਰਾਨੀ ਤੋਂ ਬਚਣ ਲਈ ਜੰਗਲੀ ਰਸਤਿਆਂ ਰਾਹੀਂ ਨਜਾਇਜ਼ ਸ਼ਰਾਬ ਦੀ ਢੁਆਈ ਕਰਦਾ ਸੀ। ਇਹ ਕਾਰਵਾਈ ਦੱਖਣੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ ਵੱਲੋਂ 29 ਅਤੇ 30 ਮਾਰਚ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ। ਪੁਲੀਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਫਰੀਦਾਬਾਦ ਤੋਂ ਸੰਗਮ ਵਿਹਾਰ ਦੇ ਜੰਗਲੀ ਇਲਾਕਿਆਂ ਰਾਹੀਂ ਦਿੱਲੀ ਵਿੱਚ ਨਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਸੰਘਣੇ ਜੰਗਲੀ ਇਲਾਕੇ ਵਿੱਚ ਜਾਲ ਵਿਛਾਇਆ। ਇਸ ਦੌਰਾਨ ਫਰੀਦਾਬਾਦ ਦੇ ਆਨੰਦਪੁਰ ਪਿੰਡ ਦੇ ਰਹਿਣ ਵਾਲੇ ਵਿਨੋਦ ਭਡਾਨਾ (48) ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਦੋ ਊਠਾਂ ਦੀ ਮਦਦ ਨਾਲ ਸ਼ਰਾਬ ਦੀ ਖੇਪ ਲੈ ਕੇ ਜਾ ਰਿਹਾ ਸੀ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਨਜਾਇਜ਼ ਸ਼ਰਾਬ ਦੇ 39 ਡੱਬੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,938 ਅਧੀਏ (ਕੁਆਰਟਰ) ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਦੇ ਅਨੁਸਾਰ ਮੁਲਜ਼ਮ ਨੇ ਦਿੱਲੀ ਅਤੇ ਫਰੀਦਾਬਾਦ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ’ਤੇ ਸਖ਼ਤ ਵਾਹਨ ਜਾਂਚ ਤੋਂ ਬਚਣ ਲਈ ਇਹ ਅਣਪ੍ਰਚਲਿਤ ਤਰੀਕਾ ਅਪਣਾਇਆ ਸੀ। ਉਹ ਜੰਗਲੀ ਰਸਤਿਆਂ ਰਾਹੀਂ ਊਠਾਂ ’ਤੇ ਸਵਾਰ ਹੋ ਕੇ ਨਾਕਾਬੰਦੀ ਅਤੇ ਨਿਗਰਾਨੀ ਪ੍ਰਣਾਲੀਆਂ ਤੋਂ ਬਚਦਾ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਵਰਤੇ ਗਏ ਊਠਾਂ ਨੂੰ ਬਚਾ ਕੇ ਸਬੰਧਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਦਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
Posted By: Daily Suraj Bureau