ਸਮੁੰਦਰ ’ਚ ਹੈਲੀਕਾਪਟਰ ਦੀ ਕਰੈਸ਼ ਲੈਂਡਿੰਗ, ਸਾਰੇ 7 ਸਵਾਰ ਸੁਰੱਖਿਅਤ
ਉੱਤਰੀ ਅਤੇ ਮੱਧ ਅੰਡੇਮਾਨ ਜ਼ਿਲ੍ਹੇ ਦੇ ਮਾਇਆਬੰਦਰ ਤੋਂ ਮੰਗਲਵਾਰ ਸਵੇਰੇ ਉਡਾਣ ਭਰਨ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਸਮੇਤ ਸੱਤ ਵਿਅਕਤੀਆਂ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇੱਕ ਹੈਲੀਕਾਪਟਰ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਹਲਾਂਕਿ ਹੈਲੀਕਾਪਟਰ ਵਿੱਚ ਸਵਾਰ ਸਾਰਿਆਂ ਨੂੰ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9.30 ਵਜੇ ਦੇ ਕਰੀਬ ਵਾਪਰਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਵਿਚਕਾਰਲੇ ਸਮੁੰਦਰ ਵਿੱਚੋਂ ਬਚਾਏ ਗਏ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਹਿਰੀ ਹਵਾਬਾਜ਼ੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਹੈਲੀਕਾਪਟਰ ਨੇ ਸਵੇਰੇ 8.45 ਵਜੇ ਦੇ ਕਰੀਬ ਸ੍ਰੀ ਵਿਜੈ ਪੁਰਮ ਤੋਂ ਉਡਾਣ ਭਰੀ ਸੀ ਅਤੇ ਸਵੇਰੇ 9.30 ਵਜੇ ਦੇ ਕਰੀਬ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਤਕਨੀਕੀ ਖ਼ਰਾਬੀ ਸੀ ਅਤੇ ਪਾਇਲਟ ਨੇ ਸਮੁੰਦਰ ਵਿੱਚ ਕਰੈਸ਼-ਲੈਂਡਿੰਗ ਕੀਤੀ।" ਉਨ੍ਹਾਂ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨੋਇਡਾ ਸਥਿਤ ਕੇਂਦਰੀ ਜਨਤਕ ਖੇਤਰ ਦੀ ਸੰਸਥਾ ਪਵਨ ਹੰਸ ਦੇ ਅਧਿਕਾਰੀਆਂ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਸ਼ਹਿਰੀ ਹਵਾਬਾਜ਼ੀ ਨਿਰਦੇਸ਼ਕ ਨਿਤੇਸ਼ ਰਾਵਤ ਨੇ ਕਿਹਾ, "ਪਾਇਲਟ ਸਮੇਤ ਕੁੱਲ ਸੱਤ ਲੋਕ ਸਵਾਰ ਸਨ। ਸਾਰੇ ਸੁਰੱਖਿਅਤ ਹਨ ਅਤੇ ਅਸੀਂ ਅਜੇ ਪਾਇਲਟ ਦਾ ਬਿਆਨ ਲੈਣਾ ਹੈ। ਸਾਰੇ ਜ਼ਖਮੀ ਵਿਅਕਤੀ ਮਾਇਆਬੰਦਰ ਦੇ ਡਾ. ਰਾਜੇਂਦਰ ਪ੍ਰਸਾਦ ਹਸਪਤਾਲ ਵਿੱਚ ਇਲਾਜ ਅਧੀਨ ਹਨ। ਅਸੀਂ ਜ਼ਖਮੀਆਂ ਨੂੰ ਸ੍ਰੀ ਵਿਜੈ ਪੁਰਮ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
Posted By: Daily Suraj Bureau