Daily Suraj

ਪੰਜਾਬੀ

ਮੁਹਾਲੀ ਨਗਰ ਨਿਗਮ ਨੂੰ ਮਿਲੀਆਂ ਦੋ ਟ੍ਰੀ-ਪਰੂਨਿੰਗ ਮਸ਼ੀਨਾਂ

18 Jan, 2019 05:30 AM

ਐਸਏਐਸ ਨਗਰ (ਮੁਹਾਲੀ),ਮੁਹਾਲੀ ਵਿੱਚ ਦਰੱਖ਼ਤਾਂ ਦੀ ਛੰਗਾਈ ਲਈ ਖਰੀਦੀਆਂ ਦੋ ਨਵੀਆਂ ਮਸ਼ੀਨਾਂ ਅੱਜ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ।ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਦੇ ਵਿਹੜੇ ਵਿੱਚ ਖੜ੍ਹੀਆਂ ਇਨ੍ਹਾਂ ਮਸ਼ੀਨਾਂ ਦਾ ਨਿਰੀਖਣ ਕੀਤਾ। ਇਨ੍ਹਾਂ ਮਸ਼ੀਨਾਂ ਰਾਹੀਂ ਅੱਜ ਸ਼ਹਿਰ ਵਿੱਚ ਦਰਖ਼ਤਾਂ ਦੀ ਛੰਗਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਮਸ਼ੀਨਾਂ ਖਰੀਦਣ ਲਈ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਮੁਹਾਲੀ ਨਿਗਮ ਨੂੰ 36 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ ਅਤੇ ਇਹ ਮਸ਼ੀਨਾਂ 33 ਲੱਖ 99 ਹਜ਼ਾਰ ਰੁਪਏ ਦੀਆਂ ਖਰੀਦੀਆਂ ਗਈਆਂ ਹਨ ਜਦੋਂਕਿ ਬਾਕੀ ਰਾਸ਼ੀ ਮਸ਼ੀਨਾਂ ਦੇ ਰੱਖ-ਰਖਾਓ ਲਈ ਵਰਤੀ ਜਾਵੇਗੀ। ਉਨ੍ਹਾਂ ਮੇਅਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਕੁਰਸੀ ਮਿਲ ਜਾਵੇ ਤਾਂ ਖ਼ੁਦ ਨੂੰ ਮਾਲਕ ਨਹੀਂ ਸਮਝਣਾ ਚਾਹੀਦਾ ਬਲਕਿ ਲੋਕ ਭਲਾਈ ਅਤੇ ਵਿਕਾਸ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਕੁਝ ਅਮੀਰਾਂ ਨੇ ਹੋਰ ਅਮੀਰਾਂ ਨਾਲ ਰਲ ਕੇ ਸ਼ਹਿਰ ਦਾ ਪੈਸਾ ਲੁੱਟਣ ਦੀ ਪੂਰੀ ਤਿਆਰੀ ਕਰ ਲਈ ਸੀ ਪ੍ਰੰਤੂ ਹੁਣ ਉਨ੍ਹਾਂ ਨੇ ਸਸਤੇ ਭਾਅ ਮਸ਼ੀਨਾਂ ਖਰੀਦ ਕੇ ਲੋਕਾਂ ਦਾ ਪੈਸਾ ਬਚਾਅ ਲਿਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਨਿੱਜੀ ਵੈਰ-ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਮਿਆਦ ਭਾਵੇਂ 2020 ਤੱਕ ਹੈ ਪਰ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ 31 ਦਸੰਬਰ ਤੱਕ ਕਰਵਾ ਦਿੱਤੀ ਜਾਵੇ। ਇਸ ਤੋਂ ਪਹਿਲਾਂ ਰਾਮ ਸਰੂਪ ਜ਼ੋਸੀ ਅਤੇ ਐਮਡੀਐਸ ਸੋਢੀ ਨੇ ਵੀ ਸੰਬੋਧਨ ਕੀਤਾ ਜਦੋਂਕਿ ਅਖੀਰ ਵਿੱਚ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਦਰੱਖ਼ਤਾਂ ਦੀ ਛੰਗਾਈ ਲਈ ਪਹਿਲਾਂ ਮੁਹਾਲੀ ਨਿਗਮ ਵੱਲੋਂ ਖਰੀਦੀ ਜਾਣ ਵਾਲੀ ਵਿਦੇਸ਼ੀ ਟਰੀ ਪਰੂਨਿੰਗ ਲਈ ਕੰਪਨੀ ਨੂੰ ਐਡਵਾਂਸ ਵਿੱਚ ਦਿੱਤੇ 80 ਲੱਖ ਰੁਪਏ ਬਾਰੇ ਪੁੱਛਣ ’ਤੇ ਮੰਤਰੀ ਸਿੱਧੂ ਨੇ ਕਿਹਾ ਕਿ ਇਹ ਪੈਸਾ ਵਾਪਸ ਲੈਣ ਲਈ ਯੋਗ ਪੈਰਵੀ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਭੁਪਿੰਦਰਪਾਲ ਸਿੰਘ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕਾਂਗਰਸੀ ਆਗੂ ਤਰਸੇਮ ਸਿੰਘ, ਰਜਿੰਦਰ ਸਿੰਘ ਰਾਣਾ, ਐਨ.ਐਸ. ਸਿੱਧੂ, ਅਮਰੀਕ ਸਿੰਘ ਸੋਮਲ, ਬੀ.ਬੀ. ਮੈਣੀ, ਜਸਵੀਰ ਸਿੰਘ ਮਣਕੂ, ਰਾਜ ਰਾਣੀ ਜੈਨ ਅਤੇ ਬੀਬਾ ਜਸਪ੍ਰੀਤ ਕੌਰ (ਸਾਰੇ ਕੌਂਸਲਰ), ਜਸਪ੍ਰੀਤ ਸਿੰਘ ਸਮੇਤ ਨਿਗਮ ਦੇ ਹੋਰ ਅਧਿਕਾਰੀ ਮੌਜੂਦ ਸਨ।

Posted By: Daily Suraj Bureau

Latest News