ਸੰਘਰਸ਼ਾਂ ਦੀ ਯਾਦ ਨੂੰ ਸੰਭਾਲਦਾ ਪੀ.ਐੱਸ.ਐੱਸ.ਐੱਫ. ਦਾ ਨਵਾਂ ਕੈਲੰਡਰ ਰਲੀਜ਼
ਫਗਵਾੜਾ
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਇੱਕ ਇਕੱਤਰਤਾ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਵਿੱਚ ਪ.ਸ.ਸ.ਫ.ਦਾ ਸਾਲ 2026 ਦਾ ਸੰਘਰਸ਼ੀ ਸਰਗਰਮੀਆਂ ਸਹਿਤ ਕੈਲੰਡਰ ਵੀ ਰਲੀਜ਼ ਕੀਤਾ ਗਿਆ। ਜੱਥੇਬੰਦੀ ਦੇ ਕੈਲੰਡਰ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੱਤਰ ਨੰਬਰ 06/01/2025-2 ਪੀ.ਪੀ.3/ 781 ਮਿਤੀ 26-11-2025 ਅਨੁਸਾਰ ਸਰਕਾਰੀ ਗਜ਼ਟਿਡ ਛੁੱਟੀਆਂ ਅਤੇ ਰਾਖਵੀਆਂ ਛੁੱਟੀਆਂ ਦਰਸਾਈਆਂ ਗਈਆਂ ਹਨ।ਇਸਦੇ ਨਾਲ ਹੀ ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਵਿੱਚ ਭਾਗ ਲੈਣ ਲਈ ਲਈਆਂ ਜਾਣ ਵਾਲੀਆਂ ਦੋ ਛੁੱਟੀਆਂ ਦੀ ਲਿਸਟ ਵੀ ਛਾਪੀ ਗਈ ਹੈ। ਇਸਦੇ ਨਾਲ ਹੀ ਪ.ਸ.ਸ.ਫ. ਅਤੇ ਇਸਦੇ ਨਾਲ ਸਬੰਧਤ ਜੱਥੇਬੰਦੀਆਂ ਵਲੋਂ ਪਿਛਲੇ ਸਾਲ ਦੌਰਾਨ ਕੀਤੇ ਸੂਬਾ ਪੱਧਰੀ ਸੰਘਰਸ਼ਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ, ਤਾਂ ਜੋ ਇਹਨਾਂ ਤੋਂ ਪ੍ਰੇਰਤ ਹੋ ਕੇ ਭਵਿੱਖ ਵਿੱਚ ਵੀ ਮੁਲਾਜ਼ਮਾਂ ਅੰਦਰ ਸੰਘਰਸ਼ ਕਰਨ ਦਾ ਉਤਸ਼ਾਹ ਬਣਿਆ ਰਹੇ। ਇਸ ਤੋਂ ਇਲਾਵਾ ਮੱਸਿਆ, ਪੁੰਨਿਆਂ ਅਤੇ ਸੰਗਰਾਂਦ ਨੂੰ ਵੀ ਦਰਸਾਇਆ ਗਿਆ ਹੈ।ਕੈਲੰਡਰ ਦੇ ਮਹੱਤਵ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਕੈਲੰਡਰ ਕੇਵਲ ਮਿਤੀਆਂ/ਛੁੱਟੀਆਂ ਦੱਸਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਜੱਥੇਬੰਦੀ ਦੀ ਪਹਿਚਾਣ ਹੈ ਅਤੇ ਜੱਥੇਬੰਦੀ ਦਾ ਨਾਂ ਹਰ ਦਫਤਰ ਤੱਕ ਪਹੁੰਚਾਉਂਦਾ ਹੈ। ਉਹਨਾਂ ਕਿਹਾ ਕਿ ਜੱਥੇਬੰਦੀ ਦੇ ਆਗੂਆਂ ਦੀ ਮਿਹਨਤ ਸਦਕਾ ਛਾਪੇ ਗਏ ਇਸ ਕੈਲੰਡਰ ਨੂੰ ਮੁਨਾਫ਼ੇ ਲਈ ਨਹੀਂ ਬਲਕਿ ਜੱਥੇਬੰਦਕ ਪ੍ਰਚਾਰ ਲਈ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਅੰਦਰ ਵੰਡਿਆ ਜਾ ਰਿਹਾ ਹੈ। ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਸਮੂਹ ਆਗੂਆਂ ਨੂੰ ਬੇਨਤੀ ਕੀਤੀ ਕਿ ਜੱਥੇਬੰਦੀ ਦੇ ਇਸ ਕੈਲੰਡਰ ਨੂੰ ਹਰ ਦਫ਼ਤਰ, ਸਕੂਲ, ਸੰਸਥਾ ਸਹਿਤ ਸਮੂਹ ਮੁਲਾਜ਼ਮਾਂ ਤੱਕ ਪਹੁੰਚਦਾ ਕੀਤਾ ਜਾਵੇ। ਉਹਨਾਂ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਸਾਲ ਵੀ ਜੱਥੇਬੰਦੀ ਦੇ ਸਾਲ 2026 ਦੇ ਕੈਲੰਡਰ ਨੂੰ ਬਹੁਤ ਹੀ ਨਿਗੂਣੀ ਜਿਹੀ ਕੀਮਤ ਤੇ ਖਰੀਦ ਕੇ ਜੱਥੇਬੰਦੀ ਦੀ ਮਦਦ ਕੀਤੀ ਜਾਵੇ ਅਤੇ ਫੈਡਰੇਸ਼ਨ ਨੂੰ ਹਰ ਸੰਸਥਾਂ ਤੱਕ ਪਹੁੰਚਾਇਆ ਜਾਵੇ। ਹਾਜ਼ਰ ਆਗੂਆਂ ਵਲੋਂ ਵੀ ਬਹੁਤ ਉਤਸ਼ਾਹ ਨਾਲ ਆਪਣੇ-ਆਪਣੇ ਜ਼ਿਲ੍ਹਿਆਂ ਲਈ ਕੈਲੰਡਰ ਲਿਆ ਗਿਆ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸੁਖਵਿੰਦਰ ਸਿੰਘ ਚਾਹਲ, ਕਰਮਜੀਤ ਸਿੰਘ ਬੀਹਲਾ, ਵੀਰਇੰਦਰਜੀਤ ਪੁਰੀ, ਬਲਵਿੰਦਰ ਭੁੱਟੋ, ਗੁਰਵਿੰਦਰ ਸਿੰਘ ਖਮਾਣੋਂ, ਜਤਿੰਦਰ ਕੁਮਾਰ, ਨਿਰਮੋਲਕ ਸਿੰਘ ਹੀਰਾ, ਬਲਜਿੰਦਰ ਸਿੰਘ, ਦਰਸ਼ਣ ਬੇਲੂਮਾਜਰਾ, ਮਨਜੀਤ ਸਿੰਘ ਸੈਣੀ, ਹਰਨੇਕ ਸਿੰਘ ਗਹਿਰੀ, ਪ੍ਰੇਮ ਚੰਦ ਆਜ਼ਾਦ, ਤਰਸੇਮ ਮਾਧੋਪੁਰੀ, ਲਖਵਿੰਦਰ ਸਿੰਘ ਖਾਨਪੁਰ, ਦਰਸ਼ਣ ਚੀਮਾ, ਰਕੇਸ਼ ਕੁਮਾਰ ਮਹਿਲਾਂਵਾਲੀ, ਜਗੀਰ ਸਿੰਘ ਸਹੋਤਾ,ਕੁਲਦੀਪ ਸਿੰਘ ਕੌੜਾ, ਸਿਮਰਜੀਤ ਸਿੰਘ ਬਰਾੜ, ਤੇਜਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਦਵਿੰਦਰ ਸਿੰਘ ਬਿੱਟੂ, ਗੁਰਪ੍ਰੀਤ ਹੈਪੀ, ਸਵਿੰਦਰ ਸਿੰਘ ਭੱਟੀ,,ਮਨੋਜ ਕੁਮਾਰ ਸਰੋਏ,ਓਮ ਪ੍ਰਕਾਸ਼ , ਬਲਵੀਰ ਸਿੰਘ ਆਦਿ ਆਗੂ ਵੀ ਹਾਜਰ ਸਨ।
Posted By: Daily Suraj Bureau