Daily Suraj

ਪੰਜਾਬੀ

ਕਾਰ-ਬੱਸ ਟੱਕਰ ’ਚ ਪੰਜ ਪੁਲੀਸ ਮੁਲਾਜ਼ਮ ਜਖ਼ਮੀ

16 Feb, 2026 03:56 PM

ਕਈ ਦਿਨ ਦੀ ਤੇਜ਼ ਧੁੱਪ ਬਾਅਦ ਅੱਜ ਅਚਾਨਕ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲੀ। ਸਵੇਰੇ ਧੁੰਦ ਕਾਰਨ ਕਿਲੀ ਚਾਹਲਾਂ ਰੈਲੀ ਨੇੜੇ ਇੱਕ ਵੋਲਵੋ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰ ਵਿਚ ਸਵਾਰ ਮਹਿਲਾ ਪੁਲੀਸ ਮੁਲਾਜਮਾਂ ਸਣੇ ਪੰਜ ਮੁਲਾਜ਼ਮ ਜਖ਼ਮੀ ਹੋ ਗਏ। ਇਹ ਮੁਲਾਜ਼ਮ ਜਲੰਧਰ ਤੋਂ ਇੱਥੇ ਡਿਊਟੀ ਉੱਤੇ ਆਏ ਸਨ। ਪੁਲੀਸ ਮੁਲਾਜਮਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪਿੰਡ ਕਿਲੀ ਚਾਹਲਾਂ ਵਿੱਚ ਸੂਬਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਤੋਂ ਕਾਰ ਵਿੱਚ ਸਵਾਰ ਪੰਜ ਪੁਲੀਸ ਮੁਲਾਜ਼ਮ ਡਿਊਟੀ ਊੱਤੇ ਆਏ ਸਨ। ਰੈਲੀ ਵਾਲੀ ਥਾਂ ਵੀਆਈਪੀ ਪਾਰਕਿੰਗ ਬਣਾਈ ਗਈ ਹੈ, ਜਿੱਥੇ ਨੇੜੇ ਟਰੈਫ਼ਿਕ ਪੁਲੀਸ ਗੱਡੀਆਂ ਨੂੰ ਪਾਰਕਿੰਗ ਵਿੱਚ ਖੜਾ ਕਰਵਾ ਰਹੇ ਸਨ। ਇਸੇ ਦੌਰਾਨ ਜਲੰਧਰ ਪੁਲੀਸ ਦੀ ਮਹਿਲਾ ਹੈੱਡ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਅਮਨਜੀਤ ਸਿੰਘ ਕਾਰ ਵਿੱਚ ਸਵਾਰ ਹੋ ਕੇ ਪਾਰਕਿੰਗ ਵਾਲੀ ਥਾਂ ਕੋਲ ਪਹੁੰਚੇ ਅਤੇ ਗੱਡੀ ਨੂੰ ਪਾਰਕਿੰਗ ਵਿੱਚ ਖੜਾ ਕਰਨ ਹੀ ਵਾਲੇ ਸਨ ਕਿ ਇਸ ਦੌਰਾਨ ਨਿੱਜੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਿਊਟੀ ਕਰ ਰਹੇ ਏਐੱਸਆਈ ਰਾਜਵਿੰਦਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਦੌਰਾਨ ਏਐੱਸਆਈ ਰਾਜਵਿੰਦਰ ਸਿੰਘ, ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਅਤੇ ਅਮਨਜੀਤ ਸਿੰਘ ਜ਼ਖ਼ਮੀ ਹੋ ਗਏ। ਦੂਜੇ ਪਾਸੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Daily Suraj Bureau

Latest News