Daily Suraj

ਪੰਜਾਬੀ

ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ 180 ਪਰਿਵਾਰਾਂ ਨੂੰ ਮਿਲਿਆ ਘਰਾਂ ਦਾ ਮਾਲਕੀ ਹੱਕ

22 Oct, 2026 08:08 AM

ਆਜ਼ਾਦੀ ਤੋਂ ਪਹਿਲਾਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਪਹਿਲੀ ਵਾਰ ਮਿਲੀਆਂ ਰਜਿਸਟਰੀਆਂ, ਮੋਗਾ ਹਲਕੇ ਵਿੱਚ ਹੁਣ ਤੱਕ ਕਰੀਬ 600 ਪਰਿਵਾਰਾਂ ਨੂੰ ਮਿਲਿਆ ਲਾਭ
ਮੋਗਾ, ਰਿਪੋਰਟਰ ਦਲੀਪ ਕੁਮਾਰ। ਲੰਬੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿਣ ਦੇ ਬਾਵਜੂਦ ਮਾਲਕੀ ਹੱਕ ਦੇ ਕਾਨੂੰਨੀ ਦਸਤਾਵੇਜ਼ਾਂ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਖੁਸ਼ੀ ਦੀ ਖ਼ਬਰ ਹੈ। ਪੰਜਾਬ ਸਰਕਾਰ ਦੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਮੋਗਾ ਦੇ ਪਿੰਡ ਚੋਟੀਆਂ ਕਲਾਂ ਵਿੱਚ ਲਾਲ ਲਕੀਰ ਦੇ ਅੰਦਰ ਆਉਂਦੇ 180 ਮਕਾਨ ਮਾਲਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮਾਲਕੀ ਹੱਕ ਸਬੰਧੀ ਰਜਿਸਟਰੀਆਂ ਸੌਂਪੀਆਂ ਗਈਆਂ। ਇਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਘਰਾਂ ਉੱਤੇ ਕਾਨੂੰਨੀ ਮਾਲਕੀ ਦਾ ਹੱਕ ਪ੍ਰਾਪਤ ਹੋਇਆ ਹੈ। ਮੋਗਾ ਵਿਧਾਨ ਸਭਾ ਹਲਕੇ ਵਿੱਚ ਹੁਣ ਤੱਕ ਇਸ ਯੋਜਨਾ ਤਹਿਤ ਕਰੀਬ 600 ਪਰਿਵਾਰਾਂ ਨੂੰ ਮਾਲਕੀ ਹੱਕ ਦੀਆਂ ਰਜਿਸਟਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਯੋਜਨਾ ਦਾ ਉਦੇਸ਼ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਦਿਵਾਉਣਾ ਹੈ। ਪਿੰਡ ਚੋਟੀਆਂ ਕਲਾਂ ਵਿੱਚ ਕਈ ਪਰਿਵਾਰ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਆਪਣੇ ਘਰਾਂ ਵਿੱਚ ਰਹਿ ਰਹੇ ਸਨ, ਪਰ ਉਨ੍ਹਾਂ ਕੋਲ ਮਕਾਨਾਂ ਦੀ ਮਾਲਕੀ ਸਾਬਤ ਕਰਨ ਲਈ ਰਜਿਸਟਰੀਆਂ ਨਹੀਂ ਸਨ। ਹੁਣ ਸਰਕਾਰ ਦੀ ਇਸ ਪਹਿਲਕਦਮੀ ਰਾਹੀਂ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਡੀਕ ਪੂਰੀ ਹੋਈ ਹੈ। ਇਸ ਮੌਕੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਪੰਜਾਬ ਸਰਕਾਰ ਦੀ ਇੱਕ ਅਹਿਮ ਲੋਕ ਭਲਾਈ ਪਹਿਲਕਦਮੀ ਹੈ। ਇਸ ਰਾਹੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਦਿੱਤਾ ਜਾ ਰਿਹਾ ਹੈ, ਜੋ ਲੰਬੇ ਸਮੇਂ ਤੋਂ ਇਨ੍ਹਾਂ ਮਕਾਨਾਂ ਵਿੱਚ ਰਹਿ ਰਹੇ ਹਨ, ਪਰ ਮਾਲਕੀ ਦੇ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ 180 ਪਰਿਵਾਰਾਂ ਨੂੰ ਮਿਲੀਆਂ ਰਜਿਸਟਰੀਆਂ ਸਿਰਫ਼ ਕਾਗਜ਼ੀ ਦਸਤਾਵੇਜ਼ ਨਹੀਂ ਹਨ, ਸਗੋਂ ਇਹ ਉਨ੍ਹਾਂ ਦੇ ਘਰਾਂ ਉੱਤੇ ਕਾਨੂੰਨੀ ਹੱਕ ਦੀ ਪੁਸ਼ਟੀ ਕਰਦੀਆਂ ਹਨ। ਮਾਲਕੀ ਦੇ ਦਸਤਾਵੇਜ਼ ਮਿਲਣ ਨਾਲ ਲੋਕਾਂ ਨੂੰ ਭਵਿੱਖ ਵਿੱਚ ਆਪਣੇ ਮਕਾਨਾਂ ਨਾਲ ਸਬੰਧਤ ਵੱਖ-ਵੱਖ ਕੰਮ ਕਰਵਾਉਣ ਵਿੱਚ ਸਹੂਲਤ ਮਿਲੇਗੀ ਅਤੇ ਉਨ੍ਹਾਂ ਦੇ ਹੱਕਾਂ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਵਿਧਾਇਕ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਿਰਫ਼ ਰਿਹਾਇਸ਼ੀ ਮਕਾਨਾਂ ਨੂੰ ਹੀ ਨਹੀਂ, ਸਗੋਂ ਧਾਰਮਿਕ ਅਤੇ ਹੋਰ ਸਾਂਝੇ ਸਥਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਿੰਡ ਵਿੱਚ ਦੋ ਗੁਰਦੁਆਰਿਆਂ, ਦੋ ਪੀਰਾਂ ਦੇ ਸਥਾਨਾਂ, ਇੱਕ ਸੁਸਾਇਟੀ ਅਤੇ ਇੱਕ ਧਰਮਸ਼ਾਲਾ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਯੋਗ ਅਤੇ ਲੋੜਵੰਦ ਵਿਅਕਤੀ ਤੱਕ ਪਹੁੰਚਾਉਣਾ ਹੈ। ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਜਿਹੜੇ ਪਰਿਵਾਰ ਇਸ ਯੋਜਨਾ ਦੇ ਯੋਗ ਹੋਣਗੇ, ਉਨ੍ਹਾਂ ਨੂੰ ਵੀ ਘਰਾਂ ਦੇ ਮਾਲਕੀ ਹੱਕ ਦਿਵਾਉਣ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਰਜਿਸਟਰੀਆਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਆਪਣੇ ਘਰਾਂ ਦੇ ਮਾਲਕੀ ਹੱਕ ਦੇ ਦਸਤਾਵੇਜ਼ ਮਿਲਣ ਦੀ ਉਡੀਕ ਕਰ ਰਹੇ ਸਨ, ਜੋ ਹੁਣ ਪੂਰੀ ਹੋ ਗਈ ਹੈ।

Latest News