ਢਿਲਵਾਂ-ਨਡਾਲਾ ਸੜਕ ਬਣ ਕੇ ਹੋਈ ਤਿਆਰ, ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਕੀਤਾ ਗਿਆ ਉਦਘਾਟਨ
ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਵੇਗਾ ਸੜਕ ਦਾ ਨਾਮ ਕਿਹਾ ਭੁਲੱਥ-ਸੁਭਾਨਪੁਰ ਸੜਕ ਦਾ ਵੀ ਕੰਮ ਹੋ ਚੁੱਕਾ ਹੈ ਸ਼ੁਰੂ (ਇੰਦਰਜੀਤ) ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਢਿਲਵਾਂ ਵਿਖੇ ਨਡਾਲਾ-ਢਿੱਲਵਾਂ ਨਵੀਂ ਤਿਆਰ ਕੀਤੀ ਗਈ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਫੀਤਾ ਕੱਟ ਕੇ ਸੜਕ ਲੋਕਾਂ ਨੂੰ ਸਮਰਪਿਤ ਕੀਤੀ। ਇਸ ਦੌਰਾਨ ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ ਨੇ ਹਲਕਾ ਇੰਚਾਰਜ ਐਡਵੋਕੇਟ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।ਇਸ ਦੌਰਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਨਡਾਲਾ, ਢਿਲਵਾਂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਤੇ ਲਗਭਗ 6 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ 60 ਤੋਂ 70 ਲੱਖ ਰੁਪਏ ਆਉਂਦੇ ਸਮੇਂ ਵਿੱਚ ਸੜਕ ਦੀ ਰਿਪੇਅਰ ਵਾਸਤੇ ਰਿਜ਼ਰਵ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ।ਇਸ ਮੌਕੇ ਇਲਾਕੇ ਦੇ ਪੰਚਾਇਤ ਨੁਮਾਇੰਦਿਆਂ, ਪਾਰਟੀ ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਵੀ ਮੌਜੂਦ ਸਨ, ਜਿਨ੍ਹਾਂ ਨੇ ਨਵੀਂ ਸੜਕ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਉਨਾਂ ਨੇ ਸੜਕ ਦੇ ਉਦਘਾਟਨ ਤੋਂ ਬਾਅਦ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਹੇ ਕੋਈ ਭਲੱਥ ਤੋਂ ਤੁਰਦਾ ਆ ਉਹਨੇ ਵੀ ਇਸੇ ਰੋਡ ਤੋਂ ਲੰਘ ਕੇ ਜਿਹੜਾ ਅੱਗੇ ਜਾਣਾ ਤੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ਼੍ਰੀ ਦਰਬਾਰ ਸਾਹਿਬ,ਬਾਬਾ ਬਕਾਲਾ ਸਾਹਿਬ ਜਾਣ ਵਾਸਤੇ ਹਲਕੇ ਦੇ ਜ਼ਿਆਦਾਤਰ ਲੋਕ ਇਥੋ ਹੀ ਲੰਘ ਕੇ ਜਾਂਦੇ ਹਨ। ਇਸ ਵਾਸਤੇ ਇਸ ਰੋਡ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਸੀਂ ਹਰ ਪਿੰਡ ਚ ਜਾ ਕੇ ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੀ ਗ੍ਰਾਂਟ ਦੇ ਰਹੇ ਹਾਂ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਵੱਲੋਂ ਹੋਰ ਗਰਾਂਟ ਜਾਰੀ ਕੀਤੀ ਜਾਣੀ ਹੈ ਇਸ ਲਈ ਆਪਣੇ ਕੰਮਾਂ ਦੀ ਪ੍ਰਪੋਜਲ ਬਣਾ ਕੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਹਲਕਾ ਭੁਲੱਥ ਦੀਆਂ ਸਾਰੀਆਂ ਹੀ ਸੜਕਾਂ ਬਣ ਰਹੀਆਂ ਹਨ ਅਤੇ ਉਹਨਾਂ ਵਿੱਚੋਂ ਜਿਆਦਾਤਰ ਬਣ ਕੇ ਤਿਆਰ ਹੋ ਚੁੱਕੀਆਂ ਹਨ। ਭੁਲੱਥ ਤੋਂ ਵਾਇਆ ਨਡਾਲਾ ਸੁਭਾਨਪੁਰ ਸੜਕ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਉਸ ਸੜਕ ਦਾ ਭੁਲੱਥ ਤੋਂ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਆਉਂਦੇ ਮਹੀਨਿਆਂ ਦੇ ਵਿੱਚ ਇਹ ਸੜਕ ਬਣ ਕੇ ਕੰਪਲੀਟ ਹੋ ਜਾਵੇਗੀ। ਭੁਲੱਥ ਸ਼ਹਿਰ ਦੀ ਟਰੈਫਿਕ ਸਮੱਸਿਆ ਸਬੰਧੀ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭੁਲੱਥ ਦੀ ਟਰੈਫਿਕ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਹਨਾਂ ਨੇ ਟ੍ਰੈਫਿਕ ਸਮੱਸਿਆ ਦੇ ਹੱਲ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਟਰੈਫਿਕ ਸਮੱਸਿਆ ਨੂੰ ਪੂਰੀ ਤਰ੍ਹ ਦੇ ਨਾਲ ਖਤਮ ਕਰਨ ਲਈ ਉਹਨਾਂ ਦਾ ਆਉਣ ਦੇ ਸਮੇਂ ਵਿੱਚ ਟੀਚਾ ਹੈ ਕਿ ਇਸ ਵਾਸਤੇ ਵੱਡਾ ਬਾਈਪਾਸ ਬਣਾਇਆ ਜਾਵੇਗਾ। ਬਾਕਸ ਸੁਖਪਾਲ ਖਹਿਰਾ ਭਗਵੰਤ ਮਾਨ ਸਰਕਾਰ ਦਾ 10 ਲੱਖ ਰੁਪਏ ਵਾਲਾ ਸਿਹਤ ਕਾਰਡ ਬਣਾਕੇ ਇਲਾਜ ਕਰਵਾਉਣ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਦਿਮਾਗੀ ਸੰਤੁਲਨ ਮੈਨੂੰ ਲੱਗਦਾ ਵਿਗੜਿਆ ਹੋਇਆ ਹੈ ਜਿਹੜੇ ਇਹੋ ਜਿਹੇ ਅਪਸ਼ਬਦ ਸਾਡੀਆਂ ਮਾਵਾਂ, ਭੈਣਾਂ ਵਾਸਤੇ ਬੋਲ ਰਿਹਾ ਹੈ ਕੋਈ ਸਿਆਣਾ ਬੰਦਾ ਅਜਿਹੇ ਸ਼ਬਦ ਬੋਲ ਨਹੀਂ ਸਕਦਾ ਸੋ ਮੈਂ ਇਹੀ ਕਹਿੰਦਾ ਹਾਂ ਉਹਨਾਂ ਨੂੰ ਹਰ ਤਰ੍ਹਾਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ ਦੇ 10 ਲੱਖ ਦੇ ਕਾਰਡ ਬਣਦੇ ਪਏ ਹਨ। ਆਪਣੀ ਜੇਬ ਚੋਂ ਖਰਚਾ ਨਾ ਕਰਨ ਸਾਡੇ ਕੋਲੋ 10 ਲੱਖ ਦਾ ਕਾਰਡ ਬਣਾ ਲੈਣ ਤੇ ਜਾ ਕੇ ਆਪਣਾ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਉਣ ਤੇ ਦਵਾਈ ਲੈਣ ਅਤੇ ਬਾਕੀ ਹਲਕੇ ਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਦੇਣ। ਸਾਨੂੰ ਆਪਣੀ ਤਰੱਕੀ ਜਾਂ ਵਿਕਾਸ ਵਾਲੇ ਪਾਸੇ ਜਾਣ ਦੀ ਲੋੜ ਹੈ।
Posted By: Daily Suraj Bureau