ਟਿਊਬਵੈੱਲ ਦੇ ਉਦਘਾਟਨ ਨਾਲ ਲੋਕਾਂ ਨੂੰ ਰਾਹਤ: ਗਰਮੀਆਂ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦੇਵਾਂਗੇ – ਡਾ. ਅਜੇ ਗੁਪਤਾ
(ਆਰ.ਕੇ. ਸੋਨੀ) – ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਵਾਰਡ ਨੰਬਰ 67 ਦੇ ਖੇਤਰ ਕਿਸ਼ਨ ਕੋਟ ਵਿੱਚ ਨਵੇਂ ਟਿਊਬਵੈੱਲ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਹਲਕੇ ਵਿੱਚ ਲਗਾਤਾਰ ਯੋਜਨਾਬੱਧ ਢੰਗ ਨਾਲ ਟਿਊਬਵੈੱਲ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟਿਊਬਵੈੱਲ ਅਗਲੇ 15 ਦਿਨਾਂ ਵਿੱਚ ਚਾਲੂ ਹੋ ਜਾਵੇਗਾ। ਵਿਧਾਇਕ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਚਾਰ ਸਾਲਾਂ ਵਿੱਚ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਭਗ 52 ਨਵੇਂ ਟਿਊਬਵੈੱਲ ਚਾਲੂ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਹੋਰ 5 ਟਿਊਬਵੈੱਲ ਵੀ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਤੋਂ ਪਹਿਲਾਂ ਡਾ. ਗੁਪਤਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸੁਪਰਵਾਈਜ਼ਿੰਗ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ, ਐਸ.ਡੀ.ਓ. ਅਤੇ ਜੇ.ਈ. ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ ਅਧਿਕਾਰੀਆਂ ਨੂੰ ਘਾਟ ਵਾਲੇ ਖੇਤਰਾਂ ਦੀ ਪਛਾਣ ਕਰਕੇ ਅਨੁਮਾਨ ਤਿਆਰ ਕਰਨ ਅਤੇ ਟੈਂਡਰ ਜਾਰੀ ਕਰਨ ਲਈ ਕਿਹਾ ਗਿਆ। ਇਸ ਮੌਕੇ ਵਿਧਾਇਕ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਹਲਕੇ ਦੇ ਪਾਰਕਾਂ ਦਾ ਨਿਰੀਖਣ ਵੀ ਕੀਤਾ ਅਤੇ ਸਫਾਈ ਤੇ ਸੰਭਾਲ ਸੁਚਾਰੂ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਪਾਰਕਾਂ ਵਿੱਚ ਜਨਤਕ ਸਹੂਲਤਾਂ ਨੂੰ ਸੁਧਾਰਨ ਅਤੇ ਜਿੰਮ ਸਹੂਲਤਾਂ ਵੱਲ ਖਾਸ ਧਿਆਨ ਦੇਣ ਲਈ ਵੀ ਕਿਹਾ। ਇਸ ਸਮਾਗਮ ਦੌਰਾਨ ਡਿਪਟੀ ਮੇਅਰ ਅਨੀਤਾ ਰਾਣੀ ਦੇ ਪੁੱਤਰ ਤਰੁਣਬੀਰ ਕੈਂਡੀ, ਹਰਪ੍ਰੀਤ ਸਿੰਘ ਆਹਲੂਵਾਲੀਆ, ਬਿੱਟੂ ਦੋਧੀ, ਵਰਧਨ ਭਗਤ, ਨਗਰ ਨਿਗਮ ਦੇ ਅਧਿਕਾਰੀ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
Posted By: Daily Suraj Bureau