Daily Suraj

ਪੰਜਾਬੀ

ਛੱਤੀਸਗੜ੍ਹ ’ਚ ਐਨਕਾਊਂਟਰ: ਸੁਰੱਖਿਆ ਬਲਾਂ ਨੇ 14 ਮਾਓਵਾਦੀਆਂ ਨੂੰ ਕੀਤਾ ਨਿਸ਼ਾਨਾ

03 Jan, 2026 03:00 PM

ਸੁਕਮਾ ਅਤੇ ਬੀਜਾਪੁਰ ਮੁਕਾਬਲਿਆਂ ’ਚ ਇਨਾਮੀ ਨਕਸਲੀ ਕਮਾਂਡਰ ਢੇਰ; ਹਥਿਆਰ ਬਰਾਮਦ
ਛਤੀਸਗੜ੍ਹ
ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ 14 ਮਾਓਵਾਦੀ ਮਾਰੇ ਗਏ ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਸੁਕਮਾ ਜ਼ਿਲ੍ਹੇ ਵਿੱਚ ਹੋਈ ਗੋਲੀਬਾਰੀ ਦੌਰਾਨ 12 ਨਕਸਲੀ ਮਾਰੇ ਗਏ, ਜਿਨ੍ਹਾਂ ਵਿੱਚ ਖ਼ਤਰਨਾਕ ਕਮਾਂਡਰ ਮੰਗਤੂ (DVCM) ਵੀ ਸ਼ਾਮਲ ਸੀ।
ਇਸੇ ਤਰ੍ਹਾਂ ਬੀਜਾਪੁਰ ਦੇ ਬਾਸਾਗੁੜਾ ਇਲਾਕੇ ਵਿੱਚ ਗਗਨਪੱਲੀ ਦੇ ਜੰਗਲਾਂ ਵਿੱਚੋਂ ਦੋ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਹੁੰਗਾ ਮਡਕਾਮ ਵਰਗੇ ਲੋੜੀਂਦੇ ਅਤਿਵਾਦੀਆਂ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਇੱਕ ਐਸ.ਐਲ.ਆਰ (SLR) ਰਾਈਫਲ ਅਤੇ ਇੱਕ 12-ਬੋਰ ਦੀ ਬੰਦੂਕ ਸਮੇਤ ਹੋਰ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲੇ ਉਸ ਸਮੇਂ ਸ਼ੁਰੂ ਹੋਏ ਜਦੋਂ ਡਿਸਟ੍ਰਿਕਟ ਰਿਜ਼ਰਵ ਗਾਰਡ (DRG) ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਨਕਸਲ ਵਿਰੋਧੀ ਮੁਹਿੰਮ ਤਹਿਤ ਜੰਗਲਾਂ ਵਿੱਚ ਤਲਾਸ਼ੀ ਲੈ ਰਹੀਆਂ ਸਨ। ਬੀਜਾਪੁਰ ਵਿੱਚ ਤੜਕੇ 5 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ, ਜੋ ਰੁਕ-ਰੁਕ ਕੇ ਕਾਫੀ ਦੇਰ ਤੱਕ ਚੱਲਦੀ ਰਹੀ।
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿੱਚ ਨਕਸਲੀਆਂ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਕਾਰਨ ਪਿਛਲੇ ਸਾਲ ਦੌਰਾਨ ਕੁੱਲ 285 ਨਕਸਲੀ ਮਾਰੇ ਗਏ ਸਨ। ਤਾਜ਼ਾ ਰਿਪੋਰਟਾਂ ਮਿਲਣ ਤੱਕ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Posted By: Daily Suraj Bureau

Latest News