ਸਰਕਾਰ ਦੀ ਨਸ਼ਾ ਤਸਕਰਾਂ ਪ੍ਰਤੀ ਢਿੱਲ ਦਾ ਨਤੀਜਾ ਪਿੰਡ ਦਾਨ ਸਿੰਘ ਵਾਲਾ ਕੋਠੇ ਦੀ ਘਟਨਾ : ਚੌਹਾਨ
ਮਾਨਸਾ : ਬਠਿੰਡਾ ਦੇ ਪਿੰਡ ਕੋਠੇ ਦਾਨ ਸਿੰਘ ਵਾਲਾ ਦੀ ਘਟਨਾ ‘ਆਪ’ ਸਰਕਾਰ ਦੀ ਨਸਾ ਤਸਕਰਾਂ ਖ਼ਿਲਾਫ਼ ਢਿੱਲ ਦਾ ਨਤੀਜਾ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸ਼ਨ ਚੌਹਾਨ ਨੇ ਮੰਗ ਪੱਤਰ ਦੇਣ ਉਪਰੰਤ ਸਾਥੀਆਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਨਸ਼ਾ ਤਸਕਰ ਕੇਵਲ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਨੌਜਵਾਨਾਂ ਨੂੰ ਆਪਣੀ ਜਕੜ ਵਿੱਚ ਤੇਜ਼ੀ ਨਾਲ ਸ਼ਾਮਲ ਕਰ ਰਹੇ ਹਨ। ਇਸ ਕਰਕੇ ਹਰ ਦਿਨ ਲੁੱਟ ਖੋਹ, ਮਾਰ ਕੁਟਾਈ, ਚੋਰੀਆਂ, ਕਤਲੇਆਮ ਵਰਗੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਬੇਸ਼ੱਕ ਸੂਬਾ ਸਰਕਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਪ੍ਰਚਾਰ ਵੀ ਕਰ ਰਹੀ ਹੈ, ਪਰ ਠੱਲ੍ਹ ਪੈਂਦੀ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪਿੰਡ ਦਾਨ ਸਿੰਘ ਵਾਲਾ ਦੇ ਗ਼ਰੀਬ ਲੋਕਾਂ ਦਾ ਸਿਰਫ਼ ਇੱਕੋ ਕਸੂਰ ਸੀ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਅਤੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਅਵਾਜ਼ ਬੁਲੰਦ ਕੀਤੀ ਸੀ। ਪਰ ਜਿਸ ਤਰ੍ਹਾਂ ਦਾ ਪੈਟਰੋਲ ਬੰਬਾਂ ਰਾਹੀਂ ਘਰਾਂ ਵਿੱਚ ਦਾਖ਼ਲ ਹੋ ਅੱਗਾਂ ਲਗਾਈਆਂ ਗਈਆਂ। ਉਸ ਤੋਂ ਸਿੱਧ ਹੁੰਦਾ ਹੈ ਕਿ ਜ਼ਰੂਰ ਨਸ਼ਾ ਤਸਕਰਾਂ ਤੇ ਸਿਆਸੀ ਲੋਕਾਂ ਦੀ ਵੱਡੀ ਸਾਜਿਸ਼ ਤੇ ਸ਼ਹਿ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਫ਼ੌਰੀ ਕਦਮ ਚੁੱਕਦਿਆਂ ਕਥਿੱਤ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਤੇ ਪੀੜ੍ਹਤ ਪਰਿਵਾਰਾਂ ਨੂੰ ਆਰਥਿਕ ਮਦਦ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ। ਏਡੀਸੀ ਜਨਰਲ ਨਿਰਮਲ ਉਸੇਪਚਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓਂ ਅਤੇ ਜ਼ਿਲ੍ਹਾ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਮੰਗ ਕੀਤੀ ਕਿ ਪੀੜ੍ਹਤ ਪਰਿਵਾਰਾਂ ਦੇ ਜ਼ਖਮੀ ਹੋਏ ਵਿਅਕਤੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ। ਪ੍ਰਤੀ ਪਰਿਵਾਰ ਘੱਟੋ ਘੱਟ 10- 10 ਲੱਖ ਰੁਪਏ ਆਰਥਿਕ ਮਦਦ ਤੇ ਨੁਕਸਾਨਿਆ ਗਿਆ। ਘਰੇਲੂ ਸਮਾਨ ਸਮੇਤ ਬਾਕੀ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ। ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਸਾਰੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀ ਦੇ ਸੁਖਦੇਵ ਪੰਧੇਰ, ਬੂਟਾ ਸਿੰਘ ਬਾਜੇਵਲਾ, ਬੂਟਾ ਸਿੰਘ ਬਰਨਾਲਾ,ਪਵਨ ਕੁਮਾਰ ਬੁਢਲਾਡਾ ਆਦਿ ਹਾਜ਼ਰ ਸਨ।
Posted By: Daily Suraj Bureau