ਸੰਯੁਕਤ ਰਾਸ਼ਟਰ ਮਹਾਸਭਾ 'ਚ ਨੇਤਨਯਾਹੂ ਦਾ ਵੱਡਾ ਬਾਈਕਾਟ: 75 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨੇ ਕੀਤਾ ਵਾਕਆਊਟ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕੀਤਾ ਗਿਆ। ਪਰ ਜਿਵੇਂ ਹੀ ਉਹ ਆਪਣਾ ਭਾਸ਼ਣ ਦੇਣ ਲਈ ਮੰਚ 'ਤੇ ਪਹੁੰਚੇ, ਉੱਥੇ ਮੌਜੂਦ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਕਰੀਬ 75 ਦੇਸ਼ਾਂ ਦੇ ਨੁਮਾਇੰਦਿਆਂ ਨੇ ਵਿਰੋਧ ਜਤਾਉਂਦਿਆਂ ਹੂਟਿੰਗ ਕੀਤੀ ਅਤੇ ਵੱਡੇ ਪੱਧਰ 'ਤੇ ਹਾਲ ਤੋਂ ਬਾਹਰ ਵਾਕਆਊਟ ਕਰ ਗਏ। ਇਸ ਵਿਰੋਧ ਦੇ ਚਲਦਿਆਂ ਨੇਤਨਯਾਹੂ ਨੂੰ ਕਰੀਬ 3 ਮਿੰਟ ਤੱਕ ਚੁੱਪ ਖੜ੍ਹੇ ਰਹਿਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਹਾਲ ਵਿੱਚ ਕੋਈ ਹੋਰ "ਕਾਇਰ" ਬਚਿਆ ਹੈ ਤਾਂ ਉਹ ਵੀ ਬਾਹਰ ਚਲਾ ਜਾਵੇ। ਹਾਲਾਂਕਿ, ਗੈਲਰੀ ਵਿੱਚ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ 'ਅਮ ਯਿਸਰਾਈਲ ਚਾਈ' (ਇਜ਼ਰਾਈਲ ਦੀ ਜਨਤਾ ਜ਼ਿੰਦਾ ਹੈ) ਦੇ ਨਾਅਰੇ ਲਗਾਏ। ਆਪਣੇ ਭਾਸ਼ਣ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਗਾਜ਼ਾ, ਈਰਾਨ ਅਤੇ ਲੇਬਨਾਨ ਵਿੱਚ ਚੱਲ ਰਹੀਆਂ ਇਜ਼ਰਾਈਲੀ ਫੌਜ ਦੀਆਂ ਫੌਜੀ ਕਾਰਵਾਈਆਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ। 7 ਅਕਤੂਬਰ 2023 ਨੂੰ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਗਾਜ਼ਾ ਵਿੱਚ ਇਜ਼ਰਾਈਲੀ ਫੌਜੀ ਐਕਸ਼ਨ ਦਾ ਬਚਾਅ ਕੀਤਾ। ਉਨ੍ਹਾਂ ਆਖਿਆ ਕਿ ਹਮਾਸ ਦੇ ਲੜਾਕਿਆਂ ਵੱਲੋਂ ਇਜ਼ਰਾਈਲੀ ਨਾਗਰਿਕਾਂ ਨੂੰ ਮਾਰਨ ਦਾ ਤਰੀਕਾ ਬੇਹੱਦ ਭਿਆਨਕ ਸੀ ਅਤੇ ਅਜਿਹੀ ਦਹਿਸ਼ਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਦੁਸ਼ਮਣਾਂ ਨੇ ਸੋਚਿਆ ਸੀ ਕਿ ਇਜ਼ਰਾਈਲ ਟੁੱਟ ਜਾਵੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਇਜ਼ਰਾਈਲ ਨੇ "ਸ਼ੇਰਾਂ ਵਾਂਗ ਲੜਾਈ" ਕੀਤੀ ਹੈ।ਇਜ਼ਰਾਈਲ 'ਤੇ ਗਾਜ਼ਾ ਵਿੱਚ ਨਸਲਕੁਸ਼ੀ (Genocide) ਕਰਨ ਦੇ ਲੱਗ ਰਹੇ ਗੰਭੀਰ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਨੇਤਨਯਾਹੂ ਨੇ ਇਸ ਨੂੰ "21ਵੀਂ ਸਦੀ ਦਾ ਸਭ ਤੋਂ ਵੱਡਾ ਝੂਠ" ਕਰਾਰ ਦਿੱਤਾ। ਉਨ੍ਹਾਂ ਤਰਕ ਦਿੱਤਾ ਕਿ ਇਜ਼ਰਾਈਲ ਨੇ ਨਸਲਕੁਸ਼ੀ ਨਹੀਂ ਕੀਤੀ, ਸਗੋਂ ਆਪਣਾ ਬਚਾਅ ਕਰਦਿਆਂ ਨਸਲਕੁਸ਼ੀ ਨੂੰ ਰੋਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਮਾਸ ਦੇ ਸਮਰਥਕਾਂ ਨੂੰ ਮੌਕਾ ਮਿਲਦਾ ਤਾਂ ਉਹ ਹਰ ਇੱਕ ਯਹੂਦੀ ਦਾ ਖ਼ਾਤਮਾ ਕਰ ਦਿੰਦੇ।ਆਪਣੇ ਸੰਬੋਧਨ ਦੇ ਅੰਤ ਵਿੱਚ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਲਾਘਾ ਕੀਤੀ, ਜਦਕਿ ਨਿਊਯਾਰਕ ਦੇ ਮੇਅਰ ਮਮਦਾਨੀ ਅਤੇ ਕੁਝ ਯੂਰਪੀ ਨੇਤਾਵਾਂ ਦੀ ਕਾਰਜਪ੍ਰਣਾਲੀ ਦੀ ਤਿੱਖੀ ਆਲੋਚਨਾ ਕੀਤੀ।
Posted By: Daily Suraj Bureau