Daily Suraj

ਪੰਜਾਬੀ

ਟਰੇਡ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ

12 Feb, 2026 04:15 PM

ਪੀਆਰਟੀਸੀ ਕਾਮਿਆਂ ਤੇ ਤਸ਼ੱਦਦ ਅਤੇ ਗਿਰਫਤਾਰੀਆਂ ਦੀ ਸਖ਼ਤ ਨਿਖੇਧੀ (ਜਗਸੀਰ ਸਿੰਘ ) - ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਸੰਗਰੂਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕਿਸਾਨਾਂ, ਮਜ਼ਦੂਰਾਂ,ਮੁਲਾਜ਼ਮਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਰੈਲੀ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡ ਰੱਦ ਕਰਨ,ਮਨਰੇਗਾ ਬਹਾਲ ਕਰਨ,ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਰੱਦ ਕਰਨ ਅਤੇ ਭਾਰਤ ਅਮਰੀਕਾ ਵਿਚਕਾਰ ਹੋਏ ਕਰ ਮੁਕਤ ਵਪਾਰ ਸਮਝੌਤੇ ਖਿਲਾਫ਼ ਅੱਜ ਪੂਰੇ ਦੇਸ਼ ਭਰ ਵਿੱਚ ਹੜਤਾਲ ਅਤੇ ਰੋਸ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਗਿਆ ਸੀ। ਇਨ੍ਹਾਂ ਮੰਗਾਂ ਦੇ ਸਬੰਧ ਵਿੱਚ ਅੱਜ ਸਵੇਰੇ ਜਦੋਂ ਪੀਆਰਟੀਸੀ ਕਾਮੇ ਹੜਤਾਲ ਤੇ ਗਏ ਤਾਂ ਬੱਸ ਸਟੈਂਡ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਬਾਕੀ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਪਹੁੰਚਣ ਤੇ ਉਨ੍ਹਾਂ ਗ੍ਰਿਫਤਾਰ ਆਗੂਆਂ ਨੂੰ ਰਿਹਾਅ ਕੀਤਾ ਗਿਆ ਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾ ਆਗੂ ਕਾਮਰੇਡ ਸੁਖਦੇਵ ਸ਼ਰਮਾ,ਪੈਪਸੀਕੋ ਦੇ ਆਗੂ ਹਰਿੰਦਰ ਸਿੰਘ ਅਤੇ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਮੇਲਾ ਸਿੰਘ,ਸੀਟੂ ਦੇ ਸੂਬਾ ਆਗੂ ਇੰਦਰਪਾਲ ਸਿੰਘ ਪੁੰਨਾਵਾਲ,ਪੀਆਰਟੀਸੀ ਠੇਕਾ ਮੁਲਾਜ਼ਮ ਆਗੂ ਹਰਪ੍ਰੀਤ ਸਿੰਘ ਅਤੇ ਸਤਬੀਰ ਸਿੰਘ ਤੁੰਗਾਂ, ਸੀਟੀਯੂ ਦੇ ਸੂਬਾ ਆਗੂ ਮਾਲਵਿੰਦਰ ਸਿੰਘ,ਰਾਣੋ ਖੇੜੀ ਗਿੱਲਾਂ ਅਤੇ ਮੁਲਾਜ਼ਮ ਆਗੂ ਫਕੀਰ ਚੰਦ ਨੇ ਦੱਸਿਆ ਕਿ ਉਪਰੋਕਤ ਕਾਨੂੰਨ ਬਣਾ ਕੇ ਅਤੇ ਬਿੱਲ ਲਿਆ ਕੇ ਕੇਂਦਰ ਸਰਕਾਰ ਮਜ਼ਦੂਰਾਂ,ਮੁਲਾਜ਼ਮਾਂ ਅਤੇ ਮਿਹਨਤਕਸ਼ ਤਬਕੇ ਦੇ ਹੱਕਾਂ ਤੇ ਡਾਕਾ ਮਾਰਨ ਦੇ ਰਾਹ ਪਈ ਹੈ ਜਿਨਾਂ ਖਿਲਾਫ ਇੱਕਜੁੱਟ ਸੰਘਰਸ਼ ਦੀ ਲੋੜ ਹੈ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਲੜਾਈ ਲੜਾਂਗੇ।ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਦਰਸ਼ਨ ਸਿੰਘ ਕੁੰਨਰਾਂ,ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਘਰਾਚੋਂ,ਜਗਤਾਰ ਸਿੰਘ ਲੱਡੀ, ਬੀਕੇਯੂ ਡਕੌਦਾ ਧਨੇਰ ਦੇ ਆਗੂ ਮੱਖਣ ਸਿੰਘ ਅਤੇ ਜਗਤਾਰ ਸਿੰਘ ਦੁੱਗਾਂ,ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ,ਕਿਸਾਨ ਸਭਾ ਅਜੇ ਭਵਨ ਦੇ ਜ਼ਿਲ੍ਹਾ ਆਗੂ ਨਿਰਮੁਲ ਸਿੰਘ ਬੱਟੜਿਆਣਾ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਉਧਮ ਸਿੰਘ ਸੰਤੋਖਪੁਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਸਰਕਾਰ ਉਪਰੋਕਤ ਮਾਮਲਿਆਂ ਖਿਲਾਫ ਉੱਠ ਰਹੇ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ਦਬਾ ਕੇ ਕੇਂਦਰ ਸਰਕਾਰ ਦੇ ਰਾਹ ਤੇ ਚੱਲ ਰਹੀ ਹੈ। ਸਾਂਝੇ ਮਜ਼ਦੂਰ ਮੋਰਚੇ ਵਿੱਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋੋਆ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਗੋਬਿੰਦ ਸਿੰਘ ਛਾਜਲੀ ਨੇ ਤੁਰੰਤ ਲੇਬਰ ਕੋਡ ਰੱਦ ਕਰਕੇ ਮਨਰੇਗਾ ਨੂੰ ਬਹਾਲ ਕਰਨ ਦੀ ਮੰਗ ਕੀਤੀ ਅਤੇ ਮਜ਼ਦੂਰਾਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਲਾਰੇ ਲਾ ਕੇ ਮੁੱਕਰਨ ਤੇ ਭਗਵੰਤ ਮਾਨ ਸਰਕਾਰ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੱਤਾ।ਉਪਰੋਕਤ ਆਗੂਆਂ ਤੋਂ ਬਿਨਾਂ ਤਰਕਸ਼ੀਲ ਸੁਸਾਇਟੀ ਵੱਲੋਂ ਜੁਝਾਰ ਸਿੰਘ,ਆਈਡੀਪੀ ਵੱਲੋਂ ਫਲਜੀਤ ਸਿੰਘ,ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂ ਮੇਘਰਾਜ, ਨੌਜਵਾਨ ਆਗੂ ਨਵਜੀਤ ਸਿੰਘ ਅਤੇ ਮਹਿੰਦਰ ਸਿੰਘ ਭੱਠਲ,ਜਮਹੂਰੀ ਅਧਿਕਾਰ ਸਭਾ ਦੇ ਆਗੂ ਬਸ਼ੇਸ਼ਰ ਰਾਮ ਨੇ ਵੀ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਉਪਰੋਕਤ ਮੰਗਾਂ ਦੀ ਹਮਾਇਤ ਕੀਤੀ।

Posted By: Daily Suraj Bureau

Latest News