Daily Suraj

ਪੰਜਾਬੀ

ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੀ ਕੋਸ਼ਿਸ਼, ਨਿੱਜੀ ਹਸਪਤਾਲ 'ਚ ਦਾਖਲ

13 Aug, 2026 03:52 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਘਟਨਾ ਵਿੱਚ ਸੁਖਬੀਰ ਬਾਦਲ ਦੇ ਹੱਥ 'ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਸਵੇਰੇ ਲਗਪਗ 11 ਵਜੇ ਵਾਪਰੀ। ਉਸ ਸਮੇਂ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਨਾਂਦੇੜ ਸਾਹਿਬ ਸਥਿਤ ਮਾਤਾ ਸਾਹਿਬ ਕੌਰ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ। ਇਹ ਗੁਰਦੁਆਰਾ ਸ਼ਹਿਰ ਦੇ ਬਾਹਰਵਾਰ ਸਥਿਤ ਹੈ ਅਤੇ ਇਸ ਦੇ ਆਲੇ-ਦੁਆਲੇ ਜੰਗਲ ਵਾਲਾ ਇਲਾਕਾ ਹੈ। ਜਾਣਕਾਰੀ ਮੁਤਾਬਕ ਗੁਰਦੁਆਰੇ ਵਿੱਚ ਮੌਜੂਦ ਭੀੜ ਦਾ ਫਾਇਦਾ ਉਠਾਉਂਦਿਆਂ ਇੱਕ ਨਿਹੰਗ ਸਿੱਖ ਕਥਿਤ ਤੌਰ 'ਤੇ ਹਥਿਆਰ ਲੈ ਕੇ ਸੁਖਬੀਰ ਬਾਦਲ ਦੇ ਨੇੜੇ ਪਹੁੰਚਿਆ ਅਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਸੁਖਬੀਰ ਬਾਦਲ ਦੀ ਸੁਰੱਖਿਆ 'ਤੇ ਤਾਇਨਾਤ ਇੱਕ ਚੌਕਸ ਗਾਰਡ ਨੇ ਤੁਰੰਤ ਦਖਲ ਦਿੰਦਿਆਂ ਹਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗਾਰਡ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਸੁਖਬੀਰ ਬਾਦਲ ਦੇ ਹੱਥ 'ਤੇ ਸੱਟ ਲੱਗੀ। ਮੁੱਢਲੀ ਜਾਣਕਾਰੀ ਅਨੁਸਾਰ ਹਮਲੇ ਵਿੱਚ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਗਈ। ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਸਾਹਮਣੇ ਆਈ ਵੀਡੀਓ ਵਿੱਚ ਹਸਪਤਾਲ ਨਾਲ ਸਬੰਧਤ ਦ੍ਰਿਸ਼ ਵੀ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਹੋਇਆ ਸੀ। ਉਸ ਸਮੇਂ ਪੂਰਵ ਖਾਲਿਸਤਾਨੀ ਅਤਿਵਾਦੀ ਨਰਾਇਣ ਸਿੰਘ ਚੌੜਾ ਨੇ 'ਸੇਵਾਦਾਰ' ਵਜੋਂ ਡਿਊਟੀ ਨਿਭਾ ਰਹੇ ਸੁਖਬੀਰ ਬਾਦਲ 'ਤੇ ਹਮਲਾ ਕੀਤਾ ਸੀ।

Posted By: Daily Suraj Bureau

Latest News