ਅਮਰਨਾਥ ਯਾਤਰਾ ਬਾਰਸ਼ ਕਾਰਨ ਰੁਕੀ, ਪਹਾੜੀਆਂ 'ਤੇ ਪਈ ਬਰਫ

Gurjeet Singh

28

June

2018

ਪਹਿਲਗਾਮ : ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਸ਼ ਨੇ ਰੁਕਾਵਟ ਪਾ ਦਿੱਤੀ। ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਗੁਫਾ ਦੀ ਯਾਤਰਾ ਨੂੰ ਫਿਲਹਾਲ ਮੌਸਮ ਸਾਫ ਨਾ ਹੋਣ ਤੱਕ ਰੋਕ ਦਿੱਤਾ ਗਿਆ ਹੈ। ਅਮਰਨਾਥ ਦੀਆਂ ਪਹਾੜੀਆਂ 'ਤੇ ਬਰਫ ਪੈ ਰਹੀ ਹੈ। ਬੁੱਧਵਾਰ ਦੇਰ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਸ਼ਰਧਾਲੂਆਂ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਅਗਲੇ ਹੁਕਮਾਂ ਤੱਕ ਸ਼ਰਧਾਲੂਆਂ ਨੂੰ ਆਪਣੀ-ਆਪਣੀ ਥਾਂ 'ਤੇ ਹੀ ਰੁਕੇ ਰਹਿਣ ਦੀ ਅਪੀਲ ਕੀਤੀ ਹੈ। ਯਾਤਰਾ ਦੇ ਪਹਿਲੇ ਜੱਥੇ ਨੂੰ ਪਹਿਲਗਾਮ-ਬਾਲਟਾਲ 'ਚ ਹੀ ਰੋਕ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਈ ਥਾਵਾਂ 'ਤੇ ਲੈਂਡ ਸਲਾਈਡਿੰਗ ਵੀ ਹੋਈ ਹੈ। 'ਜਗਬਾਣੀ' ਨੇ ਪਹਿਲਾਂ ਹੀ ਕਰ ਦਿੱਤਾ ਸੀ ਅਲਰਟ ਸ੍ਰੀ ਅਮਰਨਾਥ ਯਾਤਰਾ ਦੀ ਸ਼ੁਰੂਆਤ 'ਚ ਬਾਰਸ਼ ਦੀ ਸੰਭਾਵਨਾ ਦਾ 'ਜਗਬਾਣੀ' ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ। 'ਜਗਬਾਣੀ' ਦੀ ਟੀਮ ਨੇ ਜਦੋਂ ਯਾਤਰਾ ਦੇ ਪਹਿਲੇ ਦਿਨ ਬੁੱਧਵਾਰ ਨੂੰ ਮੌਸਮ ਅਪਡੇਟ ਦੀ ਜਾਣਕਾਰੀ ਮੌਸਮ ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਤੋਂ ਹਾਸਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਸਾਰਾ ਦਿਨ ਰੁਕ-ਰੁਕ ਕੇ ਬਾਰਸ਼ ਹੁੰਦੀ ਰਹੇਗੀ ਅਤੇ ਸ਼ੁੱਕਰਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਦੇ ਨਿਰਦੇਸ਼ਕ ਦੀ ਮੰਨੀਏ ਤਾਂ ਅਗਲੇ ਕੁਝ ਦਿਨਾਂ ਤੱਕ ਇੰਝ ਹੀ ਮੌਸਮ ਖਰਾਬ ਰਹਿ ਸਕਦਾ ਹੈ, ਹਾਲਾਂਕਿ ਵਿਚ-ਵਿਚ ਬਾਰਸ਼ 'ਚ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ। 'ਲੰਗਰ' ਦੇ ਆਸਰੇ ਕੱਟਣਗੇ ਸ਼ਰਧਾਲੂਆਂ ਦੇ ਦਿਨ ਪਵਿੱਤਰ ਗੁਫਾ ਦੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਰਾਬ ਮੌਸਮ ਨੇ ਸ਼ਰਧਾਲੂਆਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਸ਼੍ਰਾਈਨ ਬੋਰਡ ਦੇ ਸਾਰੇ ਇੰਤਜ਼ਾਮਾਂ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਦੌਰਾਨ ਬਾਰਸ਼ ਨੇ ਸਾਰੇ ਪ੍ਰਬੰਧਾਂ 'ਤੇ ਪਾਣੀ ਫੇਰ ਦਿੱਤਾ ਹੈ। ਯਾਤਰਾ ਦੇ ਪਹਿਲੇ ਜੱਥੇ ਨੂੰ ਪਹਿਲਗਾਮ-ਬਾਲਟਾਲ ਬੇਸ ਕੈਂਪ 'ਚ ਰੋਕ ਦਿੱਤਾ ਗਿਆ ਹੈ। ਸ਼ਰਧਾਲੂਆਂ ਨੂੰ ਹੁਣ ਬੇਸ ਕੈਂਪ ਦੇ ਅੰਦਰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ ਕੈਂਪ ਦੇ ਅੰਦਰ ਭੰਡਾਰੇ ਦੀ ਪੂਰੀ ਵਿਵਸਥਾ ਹੈ ਅਤੇ ਇਸ ਦੇ ਨਾਲ ਹੀ ਮੈਡੀਕਲ ਟੀਮ ਵੀ ਲਗਾਤਾਰ ਸ਼ਰਧਾਲੂਆਂ ਨੂੰ ਠੰਡ ਤੋਂ ਬਚਣ ਦੀਆਂ ਹਦਾਇਤਾਂ ਦੇ ਰਹੀ ਹੈ। ਮੌਸਮ ਵਿਭਾਗ ਹਰ 4 ਘੰਟੇ ਬਾਅਦ ਵੈਦਰ ਅਪਡੇਟ ਬੁਲੇਟਿਨ ਜਾਰੀ ਕਰਦਾ ਰਹੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫਤ ਤੋਂ ਪਹਿਲਾਂ ਹੀ ਅਲਰਟ ਕੀਤਾ ਜਾ ਸਕੇ।

More Leatest Stories