ਪੰਜਾਬੀ ਯੂਨੀਵਰਸਿਟੀ ਵਿੱਚ ਸਾਂਝੇ ਮੋਰਚੇ ਨੇ ਵੀਸੀ ਦਾ ਪੁਤਲਾ ਫੂਕਿਆ

11

October

2018

ਪਟਿਆਲਾ, ਪੰਜਾਬੀ ਯੂਨੀਵਰਸਿਟੀ ਵਿਚ ਆਪਣੀਆਂ ਮੰਗਾਂ ਦੇ ਹੱਕ ’ਚ ਧਰਨਾ ਦੇ ਰਹੇ ਵਿਦਿਆਰਥੀਆਂ ’ਤੇ ਬੀਤੇ ਦਿਨ ਹੋਏ ਹਮਲੇ ਦੇ ਵਿਰੋਧ ’ਚ ਅੱਜ ‘ਸਾਂਝੇ ਵਿਦਿਆਰਥੀ ਮੋਰਚੇ’ ਦੀ ਅਗਵਾਈ ਹੇਠ ਰੋਸ ਮੁਜ਼ਾਰਹਾ ਕੀਤਾ ਗਿਆ। ਇਸ ਧੱਕੇਸ਼ਾਹੀ ਵਿਰੁੱਧ ਪੰਜਾਬੀ ਯੂਨੀਵਰਸਟੀ ਦੇ ਅਧਿਆਪਕ, ਵਿਦਿਆਰਥੀ ਤੇ ਕਰਮਚਾਰੀ ਇੱਕ ਮੰਚ ’ਤੇ ਆ ਗਏ ਹਨ। ਉਨ੍ਹਾਂ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਾ ਪੁਤਲਾ ਫੂਕਿਆ ਅਤੇ ਦੋਸ਼ ਲਾਏ ਕਿ ਉਹ ਵਿਦਿਆਰਥੀਆਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਨਾਕਾਮ ਸਿੱਧ ਹੋਏ ਹਨ। ਇਸ ਕਰਕੇ ਵਾਈਸ ਚਾਂਸਲਰ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ’ਤੇ ਹੋਏ ਹਮਲੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਿੱਚੋਂ ਪ੍ਰੋਵੋਸਟ ਡਾ. ਨਿਸ਼ਾਨ ਸਿੰਘ ਨੂੰ ਕਸੂਰਵਾਰ ਐਲਾਨਦਿਆਂ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ਼ ਹੀ ਹਮਲਾ ਕਰਨ ਵਾਲੇ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਲੰਘੀ ਰਾਤ ਹੋਈ ਹਿੰਸਾ ਬਾਰੇ ਸਾਂਝੇ ਵਿਦਿਆਰਥੀ ਮੋਰਚੇ ਨੇ ਕਿਹਾ ਕਿ ਪ੍ਰੋਵੋਸਟ ਨਿਸ਼ਾਨ ਸਿੰਘ ਦੇ ਕਥਿਤ ਇਸ਼ਾਰੇ ’ਤੇ ਬਾਹਰੀ ਅਨਸਰਾਂ ਨੇ ਕੁੜੀਆਂ ਦੇ ਹੋਸਟਲਾਂ ਅੱਗੇ ਗੁੰਡਾਗਰਦੀ ਕੀਤੀ ਅਤੇ ਇਸ ਗਰੁੱਪ ਨਾਲ਼ ਆਈਆਂ ਕੁੜੀਆਂ ਨੇ ਹੋਸਟਲਾਂ ਅੰਦਰ ਵੜ ਕੇ ਵੀ ਕੁੜੀਆਂ ਨੂੰ ਕਥਿਤ ਕੁੱਟਿਆ। ਇਸ ਤੋਂ ਬਾਅਦ ਇਸ ਭੀੜ ਨੇ ਸ਼ਾਂਤਮਈ ਧਰਨੇ ’ਤੇ ਬੈਠੇ ਵਿਦਿਆਰਥੀਆਂ ’ਤੇ ਡਾਂਗਾ, ਹਾਕੀਆਂ ਤੇ ਰਾਡਾਂ ਨਾਲ਼ ਹਮਲਾ ਕਰ ਦਿੱਤਾ, ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਇਸੇ ਦੌਰਾਨ ਵਾਈਸ ਚਾਂਸਲਰ ਦਫ਼ਤਰ ਦੀ ਵੀ ਭੰਨ-ਤੋੜ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਨੌਜਵਾਨ ਭਾਰਤ ਸਭਾ, ਇਨਕਲਾਬੀ ਲੋਕ ਮੋਰਚਾ, ਗੈਸ ਵਰਕਰਜ਼ ਯੂਨੀਅਨ, ਇਫਟੂ, ਟੀਐੱਸਯੂ (ਆਜ਼ਾਦ), ਲੋਕ ਸੰਗਰਾਮ ਮੰਚ, ਐੱਸਐੱਸਏ ਰਮਸਾ, ਐੱਸਐੱਫਐੱਸ, ਪੀਪੀਐੱਸਓ, ਮਾਲਵਾ ਯੂਥ ਫੈਡਰੇਸ਼ਨ ਤੇ ਨਵ-ਪੰਜਾਬ ਵਿਦਿਆਰਥੀ ਮੰਚ ਸਮੇਤ ਕਈ ਜਥੇਬੰਦੀਆਂ ਵੱਲੋਂ ਭਲਕੇ ਮੀਟਿੰਗ ਰੱਖੀ ਜਾ ਰਹੀ ਹੈ, ਜਿਸ ਵਿੱਚ ਹੋਰ ਅਧਿਆਪਕਾਂ, ਕਰਮਚਾਰੀਆਂ ਤੇ ਜਥੇਬੰਦੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਾਂਝੇ ਵਿਦਿਆਰਥੀ ਮੋਰਚੇ ਨੇ ਸੂਬੇ ਦੀਆਂ ਸਮੂਹ ਜਨਤਕ, ਜਮਹੂਰੀ ਜਥੇਬੰਦੀਆਂ ਨੂੰ 11 ਅਕਤੂਬਰ ਨੂੰ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ।