ਕਿਤਾਬਾਂ ਤੋਂ ਪ੍ਰਾਪਤ ਕੀਤੇ ਗਿਆਨ ਨਾਲ ਅਸੀਂ ਦੂਜਿਆਂ ਨਾਲ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹਾਂ

22

January

2020

ਜਿਸ ਮਨੁੱਖ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ। ਇਕੱਲਤਾ ਉਸਦੇ ਨੇੜੇ ਕਦੇ ਵੀ ਨਹੀਂ ਢੁਕ ਸਕਦੀ। ਜੇ ਉਸਨੂੰ ਘਰ ਵਿੱਚ, ਸਫ਼ਰ ਵਿੱਚ ਜਾਂ ਹੋਰ ਕਿਤੇ ਵੀ ਇਕੱਲਾ ਰਹਿਣਾ ਪੈ ਜਾਵੇ ਤਾਂ ਕਿਤਾਬਾਂ ਉਸਦੀਆਂ ਸਭ ਤੋਂ ਵਧੀਆ ਦੋਸਤ ਹੋਣ ਦੀ ਭੂਮਿਕਾ ਨਿਭਾਉਂਦੀਆਂ ਹਨ । ਕਿਤਾਬਾਂ ਨਾ ਸਿਰਫ ਸਾਡੀ ਇਕੱਲਤਾ ਦੂਰ ਕਰਦੀਆਂ ਹਨ ਸਗੋਂ ਸਾਡੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ । ਇਹ ਗਿਆਨ ਸਾਨੂੰ ਆਮ ਬੰਦੇ ਤੋਂ ਖਾਸ ਬਣਾ ਸਕਦਾ ਹੈ। ਇਹ ਕਿਤਾਬਾਂ ਹੀ ਹਨ ਜੋ ਸਾਡੇ ਜੀਵਨ ਦੇ ਸਹੀ ਅਮਲ ਦਾ ਮਾਰਗ ਦਰਸ਼ਨ ਹਨ। ਜੀਵਨ ਦੇ ਮਾਰਗ ਦਰਸ਼ਨ ਦਾ ਸਭ ਤੋਂ ਵੱਡਾ ਅਤੇ ਦਿਲਚਸਪ ਖਜਾਨਾ ਸਾਹਿਤ ਹੈ। ਕਿਤਾਬਾਂ ਮਨੁੱਖ ਦਾ ਉਹ ਦੋਸਤ ਹਨ ਜੋ ਉਸ ਨੂੰ ਕਿਸੇ ਸਮੱਸਿਆ ਵਿੱਚੋਂ ਕੱਢਣ ਲਈ ਸਾਰਥਕ ਸਲਾਹ ਦਿੰਦਾ ਹੈ । ਜੇ ਅਸੀਂ ਕਿਤਾਬ ਦੀ ਕਿਸੇ ਗੱਲ ਨਾਲ ਸਹਿਮਤ ਨਾ ਵੀ ਹੋਈਏ ਤਾਂ ਆਮ ਦੋਸਤਾਂ ਵਾਂਗ ਉਹ ਗੁੱਸੇ ਨਹੀਂ ਹੁੰਦੀਆਂ । ਇਹ ਪੜ੍ਹਨ ਵਾਲੇ ਦੀ ਮਰਜੀ ਹੈ ਕਿ ਉਹਨਾਂ ਦੀ ਕੋਈ ਗੱਲ ਮੰਨੇ ਜਾਂ ਨਾ ਮੰਨੇ । ਹਰ ਬੰਦੇ ਨੂੰ ਕੋਈ ਨਾ ਕੋਈ ਆਦਤ ਜਰੂਰ ਪੈਂਦੀ ਹੈ । ਕਿਸੇ ਮਾੜੀ ਆਦਤ ਜਿਵੇਂ ਨਸ਼ਾ ਕਰਨ ਦੀ, ਅਵਾਰਾਗਰਦੀ , ਚੁਗਲੀ ਨਿੰਦਿਆ,ਦਿਖਾਵਾ ਕਰਨ ਦੀ ਜਾਂ ਕੋਈ ਹੋਰ ਆਦਤ । ਆਦਤ ਪੈਣਾ ਮਨੁੱਖ ਦੀ ਮਾਨਸਿਕ ਲੋੜ ਹੈ । ਚੰਗੀ ਗੱਲ ਇਹ ਹੈ ਕਿ ਪੜ੍ਹਨ ਦੀ ਆਦਤ ਪਾ ਲਈ ਜਾਵੇ । ਇਸ ਤੋਂ ਵੀ ਚੰਗਾ ਹੈ ਕਿ ਜੇ ਤੁਹਾਨੂੰ ਪੜ੍ਹਨ ਦੀ ਆਦਤ ਹੈ ਤਾਂ ਕਿਸੇ ਹੋਰ ਨੂੰ ਵੀ ਇਹ ਆਦਤ ਪਾਓ। ਜਿਸ ਤਰ੍ਹਾਂ ਅਸੀਂ ਮਿੱਤਰ ਦੀ ਚੋਣ ਉਸਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ ਉਸੇ ਤਰ੍ਹਾਂ ਪੜ੍ਹਨ ਲਈ ਕਿਤਾਬਾ ਦੀ ਚੋਣ ਕਰਨ ਦੀ ਲੋੜ ਹੈ ਕਿਉਂਕਿ ਸਿਰਫ ਚੰਗੀਆ ਕਿਤਾਬਾਂ ਹੀ ਚੰਗੀ ਜਿੰਦਗੀ ਜਿਉਣ ਲਈ ਸਾਨੂੰ ਸੇਧ ਦੇ ਸਕਦੀਆਂ ਹਨ । ਸਮਾਜ ਵਿਚਲੀਆਂ ਕੁਰੀਤੀਆ ਨੂੰ ਦੂਰ ਕਰਨ ਲਈ , ਉਹਨਾਂ ਤੋਂ ਖਹਿੜਾ ਛੁਡਾਉਣ ਲਈ ਸਾਡਾ ਸਮਾਜਕ ਪੱਖੋਂ ਚੇਤਨ ਹੋਣਾ ਜਰੂਰੀ ਹੈ ਇਹ ਚੇਤਨਤਾ ਮਿਆਰੀ ਅਤੇ ਚੰਗੀਆਂ ਕਿਤਾਬਾਂ ‘ਚੋਂ ਪ੍ਰਾਪਤ ਹੋ ਸਕਦੀ ਹੈ । ਕਿਤਾਬਾਂ ਤੋਂ ਪ੍ਰਾਪਤ ਕੀਤੇ ਗਿਆਨ ਨਾਲ ਅਸੀਂ ਦੂਜਿਆਂ ਨਾਲ ਵਧੀਆ ਢੰਗ ਨਾਲ ਗੱਲਬਾਤ ਕਰ ਸਕਦੇ ਹਾਂ । ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੜਾ ਆਦਮੀ ਪੜ੍ਹ ਸਕਦਾ ਹੈ ਪਰ ਪੜ੍ਹਦਾ ਨਹੀਂ ਉਹ ਐਸੇ ਮਲਾਹ ਵਰਗਾ ਹੈ ਜਿਹੜਾ ਆਪਣੀ ਕਿਸ਼ਤੀ ਨੂੰ ਕੰਢੇ ਨਾਲ ਬੰਨ੍ਹ ਕੇ ਹੀ ਸਾਰੀ ਉਮਰ ਬੈਠਾ ਰਿਹਾ । ਉਹ ਉਸ ਬਦਕਿਸਮਤ ਪੰਛੀ ਵਾਂਗ ਹੈ ਜਿਸ ਕੋਲ ਖੰਭ ਤਾਂ ਸਨ ਪਰ ਉਸ ਨੇ ਕਦੇ ਉੱਡ ਕੇ ਨਹੀਂ ਦੇਖਿਆ । ਸੱਚ ਮੁੱਚ ਹੀ ਕਿਤਾਬਾਂ ਤੋਂ ਪ੍ਰਾਪਤ ਗਿਆਨ ਬੰਦੇ ਨੂੰ ਉੱਡਣ ਲਾ ਦਿੰਦਾ ਹੈ । ਕਿਤਾਬਾਂ ਤੋਂ ਗਿਆਨ ਹਾਸਲ ਕਰਕੇ ਵਧੀਆ ਬੁਲਾਰੇ ਬਣਿਆ ਜਾ ਸਕਦਾ ਹੈ । ਵਧੀਆ ਬੁਲਾਰਾ ਜਿੱਥੇ ਦੂਜਿਆ ਨਾਲ ਆਪਣਾ ਗਿਆਨ ਸਾਂਝਾ ਕਰਦਾ ਹੈ ਉੱਥੇ ਆਪ ਵੀ ਸਰੋਤਿਆਂ ਦੁਆਰਾ ਪ੍ਰਸ਼ੰਸਾ ਪ੍ਰਾਪਤ ਕਰਕੇ ਮਾਨਸਿਕ ਤਸੱਲੀ ਹਾਸਲ ਕਰਦਾ ਹੈ । ਕਿਤਾਬਾਂ ਗਲਤ ਤੇ ਸਹੀ ਦੀ ਪਛਾਣ ਕਰਨ ਦਾ ਵੱਲ ਸਿਖਾਉਂਦੀਆਾਂ ਹਨ ਤੇ ਆਦਮੀ ਨੂੰ ਉਸਦੇ ਆਲੇ ਦੁਆਲੇ ਵਾਪਰ ਰਹੇ ਬਾਰੇ ਘੋਖ ਕਰਨ ਦੇ ਰਾਹ ਪਾ ਸਕਦੀਆਂ ਹਨ । ਇਸ ਨਾਲ ਮਨੁੱਖ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੋ ਕੇ ਜਿੰਦਗੀ ਨੂੰ ਠੀਕ ਢੰਗ ਨਾਲ ਜਿਉਣ ਦੇ ਰਾਹ ਤੁਰਦਾ ਹੈ । ਮੇਰੇ ਬਹੁਤ ਸਾਰੇ ਦੋਸਤ ਅਜਿਹੇ ਹਨ ਜਿੰਨ੍ਹਾਂ ਨੇ ਕਿਤਾਬਾਂ ਵਿੱਚੋਂ ਗਿਆਨ ਹਾਸਲ ਕਰਕੇ ਆਪਣੀ ਜਿੰਦਗੀ ਤਾਂ ਰੁਸ਼ਨਾਈ ਹੀ ਹੈ ਉਹ ਹੋਰਨਾਂ ਲਈ ਵੀ ਪਥ-ਪਰਦਰਸ਼ਕ ਬਣੇ ਹੋਏ ਨੇ। ਸਾਡੇ ਵਡੇਰਿਆਂ ਨੇ ਸਮਾਜ ਨੂੰ ਸਮਝ ਕੇ ਅਤੇ ਜਿੰਦਗੀ ਭਰ ਘਾਲਣਾ ਕਰਕੇ ਆਪਣੇ ਵਿਚਾਰਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸਾਨੂੰ ਬੇਸ਼ਕੀਮਤੀ ਖਜ਼ਾਨਾ ਦਿੱਤਾ ਹੈ । ਉਹਨਾਂ ਨੂੰ ਪੜ੍ਹ ਕੇ ਉਹਨਾਂ ਮਹਾਨ ਵਿਅਕਤੀਆਂ ਦੀ ਜੀਵਨ ਜਾਚ ਤੋਂ ਅਸੀਂ ਪ੍ਰੇਰਣਾ ਲੈ ਸਕਦੇ ਹਾਂ। ਮਹਾਨ ਪੁਰਖਾਂ ਦੀਆਂ ਲਿਖਤਾਂ ਰਾਹੀਂ ਅਸੀਂ ਉਹਨਾਂ ਨਾਲ ਸਾਂਝ ਪਾਕੇ ਸੰਵਾਦ ਰਚਾ ਸਕਦੇ ਹਾਂ । ਅਸੀਂ ਇਸ ਗੱਲ ਦਾ ਸੁਖਦ ਅਹਿਸਾਸ ਮਹਿਸੂਸ ਕਰ ਸਕਦੇ ਹਾਂ ਜਿਵੇਂ ਉਹਨਾਂ ਨਾਲ ਗੱਲਾਂ ਕਰ ਰਹੇ ਹੋਈਏ। ਲਿਖਤਾਂ ਵਿੱਚੋਂ ਅਸੀਂ ਬਾਬਾ ਨਾਨਕ, ਬਾਬਾ ਫਰੀਦ, ਬੁਲ੍ਹੇ ਸ਼ਾਹ ਦੇ ਦਰਸ਼ਨ ਕਰ ਸਕਦੇ ਹਾਂ । ਕਿਤਾਬਾਂ ਰਾਹੀ ਹੀ ਅਸੀਂ ਭਗਤ ਸਿੰਘ, ਕਾਰਲ ਮਾਰਕਸ ਅਤੇ ਹੋਰ ਅਨੇਕਾਂ ਵਿਚਾਰਵਾਨਾਂ ਨਾਲ ਸਾਂਝ ਪਾ ਸਕਦੇ ਹਾਂ। ਹੁਣ ਤੱਕ ਪੈਦਾ ਹੋਏ ਸਾਰੇ ਸਮਝਦਾਰ ਤੇ ਵਿਚਾਰਵਾਨ ਲੋਕਾਂ ਨੁੰ ਅਸੀਂ ਕਿਤਾਬਾਂ ਰਾਹੀਂ ਮਿਲ ਸਕਦੇ ਹਾਂ। ਕਿਤਾਬਾਂ ਤੋਂ ਮੁੰਹ ਮੋੜਨ ਨਾਲ ਅਸੀਂ ਆਪਣੇ ਆਪ ਵਿੱਚ ਸਿਮਟ ਕੇ ਖੂਹ ਦੇ ਡੱਡੂ ਬਣ ਕੇ ਰਹਿ ਜਾਵਾਂਗੇ। ਵਿਜੈ ਗਰਗ ਪੀਈਐਸ-1 ਮਲੋਟ