ਭਬਾਤ ਵਾਸੀਆਂ ਦੇ ਹੱਕ ਵਿੱਚ ਨਿੱਤਰੇ ਦੀਪਇੰਦਰ ਢਿੱਲੋਂ

11

October

2018

ਜ਼ੀਰਕਪੁਰ, ਹਾਈ ਕੋਰਟ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਦਿੱਤੇ ਹੁਕਮਾਂ ਦੇ ਸਬੰਧ ਵਿੱਚ ਅੱਜ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਪਿੰਡ ਭਬਾਤ ਦਾ ਦੌਰਾ ਕੀਤਾ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਲੜਨ ਤੋਂ ਇਲਾਵਾ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਜਾਏਗਾ। ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਰੇਕ ਪਿੰਡ ਵਾਸੀ ਦੇ ਦਸਤਾਵੇਜ਼ਾਂ ਦੀ ਸਾਰਥਿਕ ਜਾਂਚ ਕਰਨ ਅਤੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਉਸਾਰੀਆਂ ਨੂੰ ਢਾਹੁਣ ਵੇਲੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸ੍ਰੀ ਢਿੱਲੋਂ ਅਨੁਸਾਰ ਹਲਕਾ ਵਿਧਾਇਕ ਵੱਲੋਂ ਇਸ ਮਾਮਲੇ ਬਾਰੇ ਸਿਆਸਤ ਖੇਡੀ ਜਾ ਰਹੀ ਹੈ ਜਦਕਿ ਅਸਲੀਅਤ ਵਿੱਚ ਇਹ ਮਸਲਾ 1997 ਤੋਂ ਚਲਦਾ ਆ ਰਿਹਾ ਹੈ। ਸਾਲ 2003 ਵਿੱਚ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੱਕ ਪਹੁੰਚ ਕਰਦੇ ਹੋਏ 900 ਮੀਟਰ ਦੇ ਘੇਰੇ ਨੂੰ ਘਟਾ ਕੇ ਇਸ ਦਾਇਰੇ ਨੂੰ 100 ਮੀਟਰ ਕਰਵਾਇਆ ਸੀ ਪਰ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਕੇਸ ਦੀ ਹਾਈ ਕੋਰਟ ਵਿੱਚ ਪੈਰਵੀ ਨਹੀਂ ਕੀਤੀ ਗਈ। ਇਸੇ ਦੌਰਾਨ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਛੁੱਟੀ ਹੋਣ ਦੇ ਬਾਵਜੂਦ ਕੌਂਸਲ ਅਧਿਕਾਰੀਆਂ ਨੇ ਲੋਕਾਂ ਦੀ ਜਾਇਦਾਦ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕੀਤੀ। ਕੌਂਸਲ ਦਫ਼ਤਰ ਵਿੱਚ ਸਾਰਾ ਦਿਨ ਦਸਤਾਵੇਜ਼ ਦਿਖਾਉਣ ਵਾਲੇ ਲੋਕਾਂ ਦਾ ਮੇਲਾ ਲੱਗਿਆ ਰਿਹਾ। ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਪੂਰੇ ਦਸਤਾਵੇਜ਼ਾਂ ਦੀ ਜਾਂਚ ਕਰਨ ਮਗਰੋਂ ਉਸਾਰੀਆਂ ਢਾਹੁਣ ਦੀ ਮੁਹਿੰਮ ਛੇੜੀ ਜਾਏਗੀ।