11
October
2018
ਚੰਡੀਗੜ੍ਹ,
ਯੂਟੀ ਦੇ ਸਰਕਾਰੀ ਕਾਲਜਾਂ ਵਿੱਚ ਜਲਦ ਹੀ ਰੈਗੂਲਰ ਪ੍ਰਿੰਸੀਪਲ ਲਗਾਏ ਜਾਣਗੇ। ਇਸ ਵਾਸਤੇ ਯੂਟੀ ਦੇ ਉਚ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਦੀ ਸਟੇਟਸ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਯੂਪੀਐਸਸੀ ਨੂੰ ਭੇਜਿਆ ਜਾਵੇਗਾ। ਇਸ ਵੇਲੇ ਸ਼ਹਿਰ ਦੇ ਸਿਰਫ ਇਕ ਹੀ ਸਰਕਾਰੀ ਕਾਲਜ ਵਿੱਚ ਰੈਗੂਲਰ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ ਜਦਕਿ ਸੀਨੀਆਰਤਾ ਸੂਚੀ ਵਿੱਚ ਖਾਮੀਆਂ ਹੋਣ ਕਾਰਨ ਨਿਯਮਤ ਪ੍ਰਿੰਸੀਪਲ ਤਾਇਨਾਤ ਕਰਨ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ। ਇਸ ਕਾਰਨ ਜ਼ਿਆਦਾਤਰ ਕਾਲਜਾਂ ਵਿੱਚ ਕਾਰਜਕਾਰੀ ਪ੍ਰਿੰਸੀਪਲਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਸ ਵੇਲੇ ਸ਼ਹਿਰ ਵਿੱਚ ਪੰਜ ਸਰਕਾਰੀ ਕਾਲਜ ਹਨ ਤੇ ਸਿਰਫ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ-11 ਵਿੱਚ ਹੀ ਰੈਗੂਲਰ ਪ੍ਰਿੰਸੀਪਲ ਅਨੀਤਾ ਕੌਸ਼ਲ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਾਲ 2015 ਦੀ ਡੀਪੀਸੀ ਦੌਰਾਨ ਨਿਯਮਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਰਕਾਰੀ ਕਾਲਜ ਸੈਕਟਰ-11 ਵਿੱਚ ਜੇ.ਐਸ. ਰਘੂ ਹੀ ਇਕੱਲੇ ਰੈਗੂਲਰ ਪ੍ਰਿੰਸੀਪਲ ਸਨ। ਇਸ ਵੇਲੇ ਸ਼ਹਿਰ ਦੇ ਸਰਕਾਰੀ ਕਾਲਜਾਂ ਵਿੱਚ ਨਿਯਮਤ ਪ੍ਰਿੰਸੀਪਲਾਂ ਦੀ ਘਾਟ ਹੈ। ਅਜਿਹਾ ਯੂਜੀਸੀ ਵਲੋਂ ਨਿਯਮ ਸਖਤ ਕਰਨ ਕਰਕੇ ਤੇ ਸੀਨੀਆਰਤਾ ਸੂਚੀ ਵਿੱਚ ਖਾਮੀਆਂ ਹੋਣ ਕਰਕੇ ਹੋਇਆ ਹੈ। ਸੂਤਰਾਂ ਅਨੁਸਾਰ ਵਿਭਾਗ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਸੀਨੀਆਰਤਾ ਲਿਸਟ ਲਗਪਗ ਤਿਆਰ ਕਰ ਲਈ ਹੈ ਤੇ ਯੂਪੀਐਸਸੀ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਸਾਲ 2010 ਵਿੱਚ ਨਵੇਂ ਨਿਯਮ ਬਣਾਏ ਗਏ ਸਨ ਜਿਸ ਅਨੁਸਾਰ ਕੋਈ ਵੀ ਪ੍ਰੋਫੈਸਰ ਜਿਸ ਨੇ ਪੀਐਚ ਡੀ ਨਾ ਕੀਤੀ ਹੋਵੇ ਉਹ ਰੈਗੂਲਰ ਪ੍ਰਿੰਸੀਪਲ ਲਈ ਯੋਗ ਨਹੀਂ ਹੈ ਜਿਸ ਕਾਰਨ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42 ਦੀ ਪ੍ਰਿੰਸੀਪਲ ਮਨੀ ਬੇਦੀ ਤੇ ਸਰਕਾਰੀ ਕਾਲਜ ਫਾਰ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਦੀ ਪ੍ਰਿੰਸੀਪਲ ਮਨਜੀਤ ਬਰਾੜ ਰੈਗੂਲਰ ਪ੍ਰਿੰਸੀਪਲ ਨਹੀਂ ਬਣ ਸਕੇ ਤੇ ਇਨ੍ਹਾਂ ਨੇ ਰੈਗੂਲਰ ਪ੍ਰਿੰਸੀਪਲ ਬਣਨ ਲਈ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਸੀ। ਇਸ ਵੇਲੇ ਸਰਕਾਰੀ ਕਾਲਜ ਸੈਕਟਰ-11 ਵਿੱਚ ਕਾਰਜਕਾਰੀ ਪ੍ਰਿੰਸੀਪਲ ਵਜੋਂ ਰਮਾ ਅਰੋੜਾ ਕੰਮ ਕਰ ਰਹੇ ਹਨ ਜਦਕਿ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿੱਚ ਪ੍ਰਿੰਸੀਪਲ ਜੇ ਕੇ ਸਹਿਗਲ, ਸਰਕਾਰੀ ਕਾਲਜ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜਨਸ ਐਡਮਨਿਸਟਰੇਸ਼ਨ ਸੈਕਟਰ-50 ਵਿੱਚ ਮਨਜੀਤ ਬਰਾੜ, ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵਿੱਚ ਬਿਨੂ ਡੋਗਰਾ ਕਾਰਜਕਾਰੀ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਚ ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਯੂਟੀ ਦੇ ਸਰਕਾਰੀ ਕਾਲਜਾਂ ਵਿੱਚ ਨਿਯਮਤ ਪ੍ਰਿੰਸੀਪਲਾਂ ਦੀਆਂ ਸਿਰਫ ਚਾਰ ਹੀ ਅਸਾਮੀਆਂ ਹਨ ਤੇ ਨਿਯਮਾਂ ਅਨੁਸਾਰ 25 ਫੀਸਦੀ ਅਸਾਮੀਆਂ ਦੀ ਸਿੱਧੀ ਭਰਤੀ ਹੋ ਸਕਦੀ ਹੈ।