ਓਨਾਵ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ ਦੀ ਸਜ਼ਾ ‘ਤੇ ਅਦਾਲਤ ਅੱਜ ਸੁਣਾਏਗੀ ਫੈਸਲਾ

20

December

2019

ਓਨਾਵ : ਉੱਤਰ ਪ੍ਰਦੇਸ਼ ਦੇ ਬਹੁ–ਚਰਚਿਤ ਅਗ਼ਵਾ ਤੇ ਜ਼ਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ ‘ਤੇ ਅੱਜ ਫ਼ੈਸਲਾ ਆਵੇਗਾ ਅਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਬਹਿਸ ਹੋਵੇਗੀ। ਇਸ ਮਾਮਲੇ ‘ਚ ਬੀਤੇ ਸੋਮਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਵਿਧਾਇਕ ਨੂੰ ਨਬਾਲਗ ਨਾਬਾਲਿਗ ਨਾਲ ਜਬਰ ਜਨਾਹ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ‘ਚ ਮੰਗਲਵਾਰ ਨੂੰ ਸਜ਼ਾ ‘ਤੇ ਬਹਿਸ ਪੂਰੀ ਨਾ ਹੋਣ ‘ਤੇ ਅਦਾਲਤ ਨੇ 20 ਦਸੰਬਰ ਨੂੰ ਸਜ਼ਾ ‘ਤੇ ਬਹਿਸ ਦੀ ਤਰੀਕ ਨਿਰਧਾਰਿਤ ਕੀਤੀ ਸੀ।ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸੇਂਗਰ ਨੂੰ ਪੋਕਸੋ ਦੀ ਧਾਰਾ 376 ਅਤੇ ਧਾਰਾ 6 ਤਹਿਤ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਆਪਣੀ ਆਮਦਨੀ ਅਤੇ ਜਾਇਦਾਦ ਦਾ ਪੂਰਾ ਵੇਰਵਾ ਦੇਣ ਦੇ ਆਦੇਸ਼ ਦਿੱਤੇ ਸਨ। ਦੱਸ ਦੇਈਏ ਕਿ ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ’ਚ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜ਼ਬਰ -ਜਨਾਹ ਕਰਨ ਦਾ ਦੋਸ਼ ਹੈ। ਇਸ ਕੇਸ ਦੇ ਸਬੰਧ ਵਿੱਚ 28 ਜੁਲਾਈ ਨੂੰ ਪੀੜਤ ਲੜਕੀ, ਉਸ ਦੇ ਵਕੀਲ ਅਤੇ ਪਰਿਵਾਰ ਦੇ ਹੋਰ ਮੈਂਬਰ ਰਾਏਬਰੇਲੀ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਪੀੜਤ ਲੜਕੀ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ ,ਪੀੜਤ ਲੜਕੀ ਅਤੇ ਉਸ ਦਾ ਵਕੀਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਪੀੜਤ ਲੜਕੀ ਅਤੇ ਉਸ ਦੇ ਵਕੀਲ ਨੂੰ ਏਮਜ਼ ਲਿਆਂਦਾ ਗਿਆ ਸੀ। ਇਸ ਮਾਮਲੇ ’ਚ ਪੀੜਤ ਲੜਕੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਖ਼ਾਸ ਅਦਾਲਤ ਲਾਈ ਗਈ ਸੀ।ਜਿੱਥੇ ਪੀੜਤ ਨੇ ਸੀਬੀਆਈ ਸਾਹਮਣੇ ਹਾਦਸੇ ਪਿੱਛੇ ਵਿਧਾਇਕ ਸੇਂਗਰਦਾ ਹੱਥ ਦੱਸਿਆ ਸੀ।ਇਸ ਦੌਰਾਨ ਵਿਸ਼ੇਸ਼ ਅਦਾਲਤ ਨੇ ਬੀਤੀ 9 ਅਗਸਤ ਨੂੰ ਸੇਂਗਰ ਤੇ ਹੋਰ ਮੁਲਜ਼ਮਾਂ ਉੱਤੇ ਮੁਕੱਦਮਾ ਚਲਾਉਣ ਲਈ ਦੋਸ਼ ਆਇਦ ਕੀਤੇ ਸਨ। ਇਸ ਦੇ ਇਲਾਵਾ ਸੇਂਗਰ ਦੇ ਸਾਥੀਆਂ ਨੇ ਪੀੜਤ ਕੁੜੀ ਦੇ ਪਿਤਾ ‘ਤੇ ਕਥਿਤ ਤੌਰ ‘ਤੇ ਤਸ਼ੱਦਦ ਕੀਤਾ ਅਤੇ 3 ਅਪ੍ਰੈਲ, 2018 ਨੂੰ ਉਸ ਨੂੰ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਫਸਾਇਆ ਸੀ ਅਤੇ 9 ਅਪ੍ਰੈਲ, 2018 ਨੂੰ ਨਿਆਂਇਕ ਹਿਰਾਸਤ ਵਿੱਚ ਉਸ ਦੀ ਮੌਤ ਹੋ ਗਈ ਸੀ।