Arash Info Corporation

ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ ਨਹੀਂ ਰਹੇ , ਬਾਲੀਵੁੱਡ ‘ਚ ਸੋਗ ਦੀ ਲਹਿਰ

18

December

2019

ਮੁੰਬਈ : ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਡਾ. ਸ਼੍ਰੀ ਰਾਮ ਲਾਗੂ ਦਾ ਮੰਗਲਵਾਰ ਨੂੰ ਮਹਾਰਾਸ਼ਟਰ ਦੇਪੁਣੇ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ 92 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਜਿਸ ਕਰਕੇ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਅਚਾਨਕ ਜ਼ਿਆਦਾ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ , ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਬਚਾਉਣ ਵਿਚ ਅਸਫਲ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਸ਼੍ਰੀ ਰਾਮ ਲਾਗੂ ਸਫਲ ਅਦਾਕਾਰ ਹੋਣ ਦੇ ਨਾਲ ਇੱਕ ਥੀਏਟਰ ਕਲਾਕਾਰ ਵੀ ਸਨ। ਉਹ ਪੇਸ਼ਾਵਰ ਈ.ਐੱਨ.ਟੀ. ਸਰਜਨ ਵੀ ਸਨ। ਸ਼੍ਰੀਰਾਮ ਲਾਗੂ ਨੇ ਆਪਣੇ ਫਿਲਮੀ ਕਰੀਅਰ ‘ਚ 100 ਤੋਂ ਵੱਧ ਹਿੰਦੀ ਅਤੇ 40 ਮਰਾਠੀ ਫਿਲਮਾਂ ‘ਚ ਕੰਮ ਕੀਤਾ ਹੈ।ਇਸ ਦੇ ਇਲਾਵਾ ਉਨ੍ਹਾਂ ਨੇ ਕਰੀਬ 40 ਮਰਾਠੀ, ਹਿੰਦੀ ਅਤੇ ਗੁਜਰਾਤੀ ਨਾਟਕ ਕੀਤੇ ਸਨ। ਇਸ ਦੇ ਇਲਾਵਾ ਉਨ੍ਹਾਂ ਨੇ ਤਕਰੀਬਨ 20 ਮਰਾਠੀ ਪਲੇਅ ਡਾਇਰੈਕਟ ਵੀ ਕੀਤੇ ਸਨ। ਆਪਣੇ ਕਰੀਅਰ ਵਿਚ ਸ਼੍ਰੀਰਾਮ ‘ਆਹਟ: ਇਕ ਅਜੀਬ ਕਹਾਣੀ’, ‘ਪਿੰਜਰਾ’, ‘ਮੇਰੇ ਸਾਥ ਚੱਲ’ ,’ਸਾਮਣਾ’, ‘ਦੌਲਤ’ ਵਰਗੀਆਂ ਕਈ ਫਿਲਮਾਂ ਵਿਚ ਨਜ਼ਰ ਆਏ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਪੂਰੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।