ਤਨਖਾਹ ਵਿੱਚ ਕਟੌਤੀ ਕਰਨ ਦੇ ਰੋਸ ਵਜੋਂ ਅਧਿਆਪਕਾਂ ਵੱਲੋਂ ਮੁਜ਼ਾਹਰਾ

10

October

2018

ਲੁਧਿਆਣਾ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਲੁਧਿਆਣਾ ਵਲੋਂ ਐਸਐਸਏ/ਰਮਸਾ/ ਮਾਡਲ/ਆਦਰਸ਼ ਅਧਿਆਪਕਾਂ ਦੀ 65 ਤੋਂ 75 ਫੀਸਦੀ ਤਨਖਾਹ ਕਟੌਤੀ ਅਤੇ ਅਧਿਆਪਕ ਆਗੂਆਂ ਨੂੰ ਸਸਪੈਂਡ ਕਰਨ ਦੇ ਵਿਰੋਧ ਵਜੋਂ ਰੋਸ ਮਾਰਚ ਕੱਢਣ ਉਪਰੰਤ ਭਾਰਤ ਨਗਰ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਮੁਅੱਤਲੀ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਅੱਗ ਲਾਈ ਗਈ। ਅਧਿਆਪਕ ਆਗੂਆਂ ਨੇ ਸੂਬਾ ਸਰਕਾਰ ’ਤੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੜਕਾਂ ’ਤੇ ਰੌਲਣ ਦਾ ਦੋਸ਼ ਵੀ ਲਾਇਆ। ਆਗੂਆਂ ਨੇ ਕਿਹਾ ਕਿ ਸੰਘਰਸ਼ ਦੇ ਮੈਦਾਨ ’ਚ ਡਟੇ ਸਾਥੀਆਂ ਨੂੰ ਦੇਖ ਕੇ ਮਰਨ ਵਰਤ ’ਤੇ ਬੈਠੇ ਸਾਥੀਆਂ ਦੇ ਹੌਸਲੇ ਬੁਲੰਦ ਹਨ। ਪੂਰੀ ਤਨਖਾਹ, ਸਾਰੇ ਭੱਤੇ, ਸਾਰੀਆਂ ਸਹੂਲਤਾਂ ਸਮੇਤ ਪੈਨਸ਼ਨਰੀ ਲਾਭਾਂ ਦੇ ਪਿਛਲੀਆਂ ਸੇਵਾਵਾਂ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਰੈਗੂਲਰ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੂਰਾ ਤਾਣ ਲਾਵੇਗਾ ਕਿਉਂਕਿ ਇਹ ਮਸਲਾ ਸਿਰਫ਼ ਅਤੇ ਸਿਰਫ਼ ਕੱਚੇ ਅਧਿਆਪਕਾਂ ਦਾ ਨਹੀਂ ਹੈ ਸਗੋਂ ਸਰਕਾਰੀ ਸਕੂਲਾਂ ਨੂੰ ਬਚਾਉਣ ਦਾ ਮਸਲਾ ਵੀ ਹੈ। ਆਗੂਆਂ ਨੇ ਕਿਹਾ ਕਿ ਅਜੇ ਤਾਂ ਸਿੱਖਿਆ ਵਿਭਾਗ ਨੇ ਸਿਰਫ 5 ਅਧਿਆਪਕ ਮੁਅੱਤਲ ਕੀਤੇ ਹਨ ਜਦਕਿ ਸਾਰੇ ਅਧਿਆਪਕ ਸਰਕਾਰ ਦੀ ਇਸ ਸਕੂਲ ਉਜਾੜੂ ਪਾਲਸੀ ਦਾ ਵਿਰੋਧ ਜਤਾਉਣ ਲਈ ਮੁਅੱਤਲੀ ਲਈ ਤਿਆਰ ਬਰ ਤਿਆਰ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਕਰਕੇ ਨਾ ਸਿਰਫ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਸਗੋਂ ਮਨਮਰਜ਼ੀ ਦੀਆਂ ਨੀਤੀਆਂ ਥੋਪ ’ਤੇ ਤਾਨਾਸ਼ਾਹੀ ਦਬਾਅ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸਮਾਜ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਡਟ ਕੇ ਸਾਥ ਦੇਣ ਤਾਂ ਜੋ ਲੋਕ ਹਿੱਤਾਂ, ਸਿਹਤ ਅਤੇ ਸਿੱਖਿਆ ਜਿਹੀਆਂ ਸਹੂਲਤਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ। ਇਸ ਰੋਸ ਪ੍ਰਦਰਸ਼ਨ ਨੂੰ ਨਵਨੀਤ ਕੌਰ, ਜਗਦੀਸ਼, ਮੀਨੂੰ, ਸੁਨੀਤਾ, ਪ੍ਰੇਰਨਾ, ਰਜਿੰਦਰ ਬੁਆਣੀ, ਬਲਬੀਰ ਸਿੰਘ, ਬਿਕਰਮਜੀਤ ਸਿੰਘ ਕੱਦੋਂ, ਹਰਦੇਵ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ ਖੰਨਾ, ਚਰਨ ਸਿੰਘ ਸਰਾਭਾ, ਅਮਨਦੀਪ ਸਿੰਘ ਦੱਧਾਹੂਰ, ਗਗਨਦੀਪ ਸਿੰਘ ਰੌਤਾ, ਜਗਜੀਤ ਸਿੰਘ, ਜਗਦੀਪ ਸਿੰਘ, ਇਕਬਾਲ ਸਿੰਘ, ਚਰਨਜੀਤ ਸਿੰਘ ਅਤੇ ਅੰਕੁਸ਼ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ।