26/11 ਹਮਲੇ ਦੇ ਪੂਰੇ ਹੋਏ 11 ਸਾਲ, ਅੱਜ ਦੇ ਦਿਨ ਹੀ ਦਹਿਲ ਗਈ ਸੀ ਮੁੰਬਈ

26

November

2019

ਮੁੰਬਈ: ਮੁੰਬਈ ਵਿਖੇ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਦੇ ਅੱਜ 11 ਸਾਲ ਪੂਰੇ ਹੋ ਗਏ ਹਨ। ਪੂਰਾ ਦੇਸ਼ ਇਸ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।ਅੱਜ ਦੇ ਦਿਨ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਮੁੰਬਈ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਤਕਰੀਬਨ 160 ਲੋਕਾਂ ਨੂੰ ਆਪਣੀਆਂ ਜਾਨਾ ਗਵਾਉਣੀਆਂ ਪਈਆਂ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਸ ਵਿਚ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। 26 ਨਵੰਬਰ 2008 ਨੂੰ, 10 ਅੱਤਵਾਦੀ ਕਿਸ਼ਤੀ ਰਾਹੀਂ ਮੁੰਬਈ ਪਹੁੰਚੇ। ਜਿਸ ‘ਚ ਕਸਾਬ ਨਾਮ ਦਾ ਇੱਕ ਖਤਰਨਾਕ ਅੱਤਵਾਦੀ ਵੀ ਸ਼ਾਮਲ ਸੀ। ਮੁੰਬਈ ਪਹੁੰਚਦਿਆਂ ਹੀ ਅੱਤਵਾਦੀਆਂ ਛਤਰਪਤੀ ਤੇ ਸ਼ਿਵਾਜੀ ਟਰਮੀਨਲ’ ਤੇ ਫਾਇਰਿੰਗ ਕੀਤੀ ਅਤੇ ਅੱਗੇ ਵਧੇ। 26/11 ਦੇ ਹਮਲੇ ‘ਚ ਪੁਲਿਸ ਤੇ ਐਨਐਸਜੀ ਦੇ 11 ਜਵਾਨ ਸ਼ਹੀਦ ਹੋਏ ਸਨ। ਇਹਨਾਂ ਅੱਤਵਾਦੀਆਂ ਨੇ ਮੁੰਬਈ ਦੀਆਂ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਸਟੇਸ਼ਨ ‘ਤੇ ਹਮਲੇ ਤੋਂ ਇਲਾਵਾ ਅੱਤਵਾਦੀਆਂ ਨੇ ਤਾਜ ਹੋਟਲ, ਹੋਟਲ ਓਬਰਾਏ, ਲਿਯੋਪੋਲਡ ਕੈਫੇ, ਕਾਮਾ ਹਸਪਤਾਲ ਅਤੇ ਦੱਖਣੀ ਮੁੰਬਈ ਦੇ ਕਈ ਥਾਵਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। 26 ਨਵੰਬਰ ਦੀ ਰਾਤ ਨੂੰ ਅੱਤਵਾਦੀਆਂ ਨੇ ਤਾਜ ਹੋਟਲ ‘ਤੇ ਹਮਲਾ ਕੀਤਾ। ਇੱਥੇ ਅੱਤਵਾਦੀਆਂ ਨੇ ਕਈ ਮਹਿਮਾਨਾਂ ਨੂੰ ਬੰਧਕ ਬਣਾ ਲਿਆ ਸੀ, ਜਿਸ ਵਿਚ 7 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਅੱਤਵਾਦੀ ਹਮਲੇ ਨਾਕਾਮ ਕਰਨ ਲਈ 200 ਦੇ ਕਰੀਬ ਐੱਨ. ਐੱਸ. ਜੀ. ਕਮਾਂਡੋ ਅਤੇ ਫੌਜ ਦੇ 50 ਕਮਾਂਡੋ ਦਾ ਇਕ ਦਸਤਾ ਮੁੰਬਈ ਪਹੁੰਚਿਆ, ਜਿਸ ਨੇ ਤਾਜ ਹੋਟਲ ਅਤੇ ਨਰੀਮਨ ਹਾਊਸ ਵਿਚ ਮੋਰਚਾ ਸੰਭਾਲਿਆ ਸੀ। ਕਰੀਬ 60 ਘੰਟੇ ਮੁਕਾਬਲਾ ਚੱਲਿਆ ਅਤੇ ਇਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ। 2012 ਨੂੰ ਪੁਣੇ ਦੀ ਯਰਵਦਾ ਜੇਲ ‘ਚ ਕਸਾਬ ਨੂੰ ਫਾਂਸੀ ਦਿੱਤੀ ਗਈ।