ਗੈਸ ਚੈਂਬਰ 'ਚ ਬਦਲੀ ਦਿੱਲੀ, ਨਾਸਾ ਦਾ ਖੁਲਾਸਾ, ਪੰਜਾਬ ਤੇ ਹਰਿਆਣਾ 'ਚ ਸਾੜੀ ਜਾ ਰਹੀ ਪਰਾਲੀ

30

October

2019

ਨਵੀਂ ਦਿੱਲੀ, ਰਾਜਧਾਨੀ ਦਿੱਲੀ ਤੇ ਐੱਨਸੀਆਰ 'ਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧਣ ਦੇ ਨਾਲ ਹੀ ਦੂਸ਼ਣਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਧਾਉਣ ਦਾ ਦੋਸ਼ ਗੁਆਂਢੀ ਸੂਬਿਆਂ ਸਿਰ ਮੜ੍ਹਿਆ ਹੈ। ਇਸ ਦੇ ਨਾਲ ਹੀ ਨਾਸਾ ਦੀ ਸੈਟੇਲਾਈਟ ਤੋਂ ਜਾਰੀ ਤਸਵੀਰਾਂ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ 24 ਘੰਟਿਆਂ 'ਚ ਹਰਿਆਣਾ ਤੇ ਪੰਜਾਬ 'ਚ ਪਾਰਲੀ ਸਾੜਨ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਹੈ। ਇਸ ਕਾਰਨ ਹੀ ਦਿੱਲੀ ਗੈਸ ਦੇ ਚੈਂਬਰ 'ਚ ਬਦਲ ਗਈ ਹੈ। ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਕਾਫ਼ੀ ਵਾਧਾ ਹੋਇਆ ਹੈ। ਸੋਮਵਾਰ ਨੂੰ ਜਿੱਥੇ 1654 ਥਾਵਾਂ 'ਤੇ ਪਰਾਲੀ ਨੂੰ ਅੱਗ ਲਗਾਈ ਗਈ ਸੀ। ਉੱਥੇ ਹੀ ਮੰਗਲਵਾਰ ਨੂੰ ਇਹ ਗਿਣਤੀ 2577 'ਤੇ ਪਹੁੰਚ ਗਈ। ਪ੍ਰਿਥਵੀ ਵਿਗਿਆਨ ਵਿਭਾਗ ਦੇ ਪ੍ਰੋਜੈਕਟ ਸਫਰ ਵੱਲੋਂ ਦੱਸਿਆ ਗਿਆ ਕਿ ਪਾਰਲੀ ਸਾੜਨ ਕਾਰਨ ਦਿੱਲੀ 'ਚ ਪਹੁੰਚੇ ਪ੍ਰਦੂਸ਼ਣ ਕਣਾਂ ਕਾਰਨ ਇਸ ਸਾਲ ਦਿੱਲੀ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਰਜ ਹੋ ਸਕਦਾ ਹੈ। ਹਵਾ ਉੱਤਰੀ ਪੱਛਮੀ ਦਿਸ਼ਾ ਤੋਂ ਆ ਰਹੀ ਹੈ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਆਪ ਦਾ ਦਾਅਵਾ ਪੰਜਾਬ ਤੇ ਹਰਿਆਣਾ 'ਚ ਪਾਰਲੀ ਸਾੜਨ 'ਚ ਹੋਇਆ ਵਾਧਾ ਆਮ ਆਦਮੀ ਪਾਰਟੀ ਦੇ ਬੁਲਾਰੇ ਦਿਲੀਪ ਪਾਂਡਿਆ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਗੁਆਂਢੀ ਸੂਬਿਆਂ ਪੰਜਾਬ ਤੇ ਹਰਿਆਣਾ 'ਚ ਇਸ ਸਾਲ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਇਸ ਕਾਰਨ ਦਿੱਲੀ 'ਚ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹ। ਉੱਥੇ ਹੀ ਇਸ ਸਮੱਸਿਆ ਦੇ ਹੱਲ ਸਬੰਧੀ ਕੇਂਦਰ ਤੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਤੇ ਸਾਰੇ ਸ਼ਾਂਤ ਬੈਠੇ ਹਨ।