75 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਬੋਰਵੈੱਲ ‘ਚ ਡਿੱਗਾ ਦੋ ਸਾਲਾ ਮਾਸੂਮ ਸੁਜੀਤ

29

October

2019

ਚੇਨਈ : ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ‘ਚ ਬੋਰਵੈੱਲ ‘ਚ ਡਿੱਗਾ 2 ਸਾਲਾ ਮਾਸੂਮ ਸੁਜੀਤ ਵਿਲਸਨ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਰਾਹਤ ਟੀਮਾਂ ਉਸ ਨੂੰ 75 ਘੰਟਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਬੋਰਵੈੱਲ ‘ਚ ਜਿਊਂਦਾ ਬਾਹਰ ਨਹੀਂ ਕੱਢ ਸਕੀਆਂ। ਜਿਸ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਤਾਮਿਲਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਕੱਲ੍ਹ ਦੇਰ ਸ਼ਾਮ ਆਖ ਦਿੱਤਾ ਸੀ ਕਿ ਅਸੀਂ ਉਸ ਨੂੰ ਬਚਾਉਣ ਦੇ ਬਹੁਤ ਜਤਨ ਕੀਤੇ ਪਰ ਇਹ ਦੁਖਦਾਈ ਗੱਲ ਹੈ ਕਿ ਜਿਸ ਬੋਰਵੈੱਲ ’ਚ ਬੱਚਾ ਡਿੱਗਿਆ ਸੀ, ਉਸ ਵਿੱਚੋਂ ਹੁਣ ਮਨੁੱਖੀ ਸਰੀਰ ਸੜਨ ਦੀ ਬੋਅ ਆਉਣ ਲੱਗ ਪਈ ਹੈ। ਇਸ ਲਈ ਹੁਣ ਬੱਚੇ ਦੇ ਜਿਊਂਦਾ ਕੱਢਣ ਦੀਆਂ ਆਸਾਂ ਖ਼ਤਮ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸੁਜੀਤ ਵਿਲਸਨ ਦੀ ਮ੍ਰਿਤਕ ਦੇਹ ਬਹੁਤ ਬੁਰੀ ਤਰ੍ਹਾਂ ਬੋਰਵੈੱਲ ਦੇ ਟੋਏ ’ਚ ਫਸੀ ਹੋਈ ਸੀ ਤੇ ਕੱਢਦੇ ਸਮੇਂ ਉਸ ਦੇ ਦੋ ਟੋਟੇ ਵੀ ਹੋ ਗਏ ਹਨ। ਇਸ ਤੋਂ ਪਹਿਲਾਂ ਬੱਚਾ ਪਹਿਲਾਂ ਸਿਰਫ਼ 30 ਤੋਂ 40 ਫ਼ੁੱਟ ’ਤੇ ਹੀ ਫਸਿਆ ਹੋਇਆ ਸੀ ਪਰ ਜਦੋਂ ਉਸ ਦੀਆਂ ਬਾਹਾਂ ’ਚ ਰੱਸੀਆਂ ਪਾ ਕੇ ਉਸ ਨੂੰ ਬਾਹਰ ਖਿੱਚਣ ਦੇ ਜਤਨ ਕੀਤੇ ਗਏ ਤਾਂ ਉਹ ਉੱਪਰ ਖਿੱਚਣ ਦੀ ਥਾਂ ਸਗੋਂ ਹੋਰ ਹੇਠਾਂ ਖਿਸ ਕੇ 88ਵੇਂ ਫ਼ੁੱਟ ਤੱਕ ਚਲਾ ਗਿਆ ਸੀ। ਜ਼ਿਕਰਯੋਗ ਹੈ ਕਿ ਸੁਜੀਤ ਵਿਲਸਨ ਬੀਤੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਆਪਣੇ ਘਰ ਦੇ ਪਿੱਛੇ ਖੇਡਦੇ ਸਮੇਂ ਬੋਰਵੈੱਲ ‘ਚ ਡਿੱਗ ਪਿਆ ਸੀ। ਇਸ ਮਗਰੋਂ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਬੱਚੇ ਨੂੰ ਬਾਹਰ ਕੱਢਣ ‘ਚ ਅੱਧਾ ਦਿਨ ਦਾ ਸਮਾਂ ਲੱਗੇਗਾ ਪਰ ਅੱਜ ਸਵੇਰੇ ਬੋਰਵੈੱਲ ਅੰਦਰੋਂ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬੱਚੇ ਦੀ ਮੌਤ ਦਾ ਐਲਾਨ ਕਰ ਦਿੱਤਾ।