Arash Info Corporation

ਹੋਸਟਲਾਂ ਦੀ ਸਮਾਂਬੰਦੀ ਖ਼ਿਲਾਫ਼ ਭੁੱਖ ਹੜਤਾਲ ਜਾਰੀ

06

October

2018

ਪਟਿਆਲਾ, ਇੱਥੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਅੱਗੇ ਡੀਐੱਸਓ ਅਤੇ ਇਸ ਦੀਆਂ ਹਮਾਇਤੀ ਵਿਦਿਆਰਥੀ ਧਿਰਾਂ ਵੱਲੋਂ ਆਰੰਭੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਤੋਂ ਇਲਾਵਾ ਲੰਘੀ ਰਾਤ ਧਰਨਾਕਾਰੀਆਂ ਦੀਆਂ ਸਮਰਥਕ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਦੇ ਗਰਲਜ਼ ਹੋਸਟਲਾਂ ਦੇ ਗੇਟਾਂ ਦੀ ਕੀਤੀ ਗਈ ਕਥਿਤ ਭੰਨ ਤੋੜ ਖ਼ਿਲਾਫ਼ ‘ਸੈਪ’ ਅਤੇ ਹੋਰ ਵਿਦਿਆਰਥੀ ਧਿਰਾਂ ਨੇ ਉਪ ਕੁਲਪਤੀ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਵੀਰਵਾਰ ਰਾਤ ਡੀ.ਐਸ.ਓ. ਸਮਰਥਕ ਕੁੜੀਆਂ ਵੱਲੋਂ ਅਚਨਚੇਤ ਇਕੱਤਰ ਹੋ ਕੇ ਹੋਸਟਲਾਂ ਦੀ ਅੱਠ ਵਜੇ ਤੋਂ ਬਾਅਦ ਬੰਦੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਥਿਤ ਜਬਰੀ ਹੋਸਟਲਾਂ ਦੇ ਗੇਟਾਂ ਦੇ ਤਾਲੇ ਤੋੜ ਦਿੱਤੇ ਗਏ ਸਨ| ਤਿੰਨ ਤੋਂ ਚਾਰ ਗੇਟਾਂ ਦੀ ਭੰਨਤੋੜ ਕੀਤੇ ਜਾਣ ਤੇ ਜਬਰੀ ਕੁੰਡੇ ਪੁੱਟੇ ਜਾਣ ਦੀ ਵੀ ਸੂਚਨਾ ਹੈ| ਹਾਲਾਂਕਿ ਡੀ.ਐੱਸ.ਓ. ਧਿਰ ਰਾਤ ਦੀ ਹੁੱਲੜਬਾਜ਼ੀ ਵਿਚ ਸ਼ਮੂਲੀਅਤ ਤੋਂ ਇਨਕਾਰ ਕਰ ਰਹੀ ਹੈ। ‘ਸੈਪ’ ਪਾਰਟੀ ਤੇ ਹੋਰ ਵਿਦਿਆਰਥੀ ਧਿਰਾਂ ਦੇ ਸਾਂਝੇ ਵਫ਼ਦ ਨੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਤੇ ਰਜਿਸਟਰਾਰ ਡਾ. ਐਮ. ਐੱਸ. ਨਿੱਝਰ ਨੂੰ ਮੰਗ ਪੱਤਰ ਸੌਂਪਿਆ ਤੇ ਜ਼ੋਰ ਦਿੱਤਾ ਕਿ ਹੋਸਟਲਾਂ ਦੇ ਰਾਤ ਦੇ ਸਮੇਂ ’ਚ ਬਿਲਕੁਲ ਵੀ ਵਾਧਾ ਨਾ ਕੀਤਾ ਜਾਵੇ| ‘ਪੁਕਟਾ’ ਦਾ ਯੂਨੀਵਰਸਿਟੀ ਕੈਂਪਸ ਵਿਚ ਧਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਟਰੈਕਟ ਆਧਾਰ ’ਤੇ ਕੰਮ ਕਰ ਰਹੇ ਅਧਿਆਪਕਾਂ ਦੀ ਜਥੇਬੰਦੀ ‘ਪੁਕਟਾ’ ਦਾ ਧਰਨਾ ਅੱਜ ਕਾਲਜਾਂ ਤੋ ਨਿਕਲ ਯੂਨੀਵਰਸਿਟੀ ਕੈਂਪਸ ਪਹੁੰਚ ਗਿਆ। ਸਵੇਰੇ 10 ਵਜੇ ਦੇ ਕਰੀਬ ਇਹ ਅਧਿਆਪਕ ਯੂਨੀਵਰਸਿਟੀ ਪੁੱਜੇ ਤੇ ਧਰਨਾ ਸ਼ੁਰੂ ਕਰਨ ਤੋਂ ਪਹਿਲਾ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਡਾ. ਕਿਰਨਦੀਪ ਕੌਰ ਨਾਲ ਮੀਟਿੰਗ ਕੀਤੀ ਜੋ ਕਿਸੇ ਨਤੀਜੇ ’ਤੇ ਨਾ ਪਹੁੰਚ ਸਕੀ। ਇਸ ਤੋਂ ਬਾਅਦ ਨਿਰਾਸ਼ ਹੋਏ ਅਧਿਆਪਕ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਆ ਕੇ ਧਰਨੇ ’ਤੇ ਬੈਠ ਗਏ। ਇਹ ਅਧਿਆਪਕ ਕਈ ਵਰ੍ਹਿਆਂ ਤੋਂ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਠੇਕੇ ’ਤੇ ਪੜ੍ਹਾ ਰਹੇ ਹਨ ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਅਧਿਆਪਕਾਂ ਨੇ ਅਥਾਰਿਟੀ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ।