ਕਾਂਗਰਸ ਸਰਕਾਰ ਨੇ ਦਾਖਾ ਦੀ ਹਾਰ ਦਾ ਗੁੱਸਾ ਡਾਕਟਰ ਚੀਮਾ ਖ਼ਿਲਾਫ ਉਹਨਾਂ ਦੀ ਸੁਰੱਖਿਆ ਛਤਰੀ ਵਾਪਸ ਲੈ ਕੇ ਕੱਢਿਆ : ਸੁਖਬੀਰ ਬਾਦਲ

25

October

2019

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਾਖਾ ਵਿਚ ਮਿਲੀ ਹਾਰ ਦਾ ਗੁੱਸਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਖ਼ਿਲਾਫ ਕੱਢਣ ਅਤੇ ਉਹਨਾਂ ਨੂੰ ਦਿੱਤੀ ਸੁਰੱਿਖਆ ਛਤਰੀ ਵਾਪਸ ਲੈਣ ਲਈ ਸਖ਼ਤ ਫਟਕਾਰ ਲਾਈ ਹੈ। ਇਸ ਤੋਂ ਪਹਿਲਾਂ ਅੱਜ ਪੰਜਾਬ ਸਰਕਾਰ ਨੇ ਡਾਕਟਰ ਚੀਮਾ ਨੂੰ ਦਿੱਤੇ ਸੱਤ ਸੁਰੱਖਿਆ ਕਰਮਚਾਰੀਆਂ ਵਿਚੋਂ ਪੰਜ ਨੂੰ ਵਾਪਸ ਬੁਲਾ ਲਿਆ ਸੀ। ਇਹ ਫੈਸਲਾ ਸੂਬੇ ਅੰਦਰ ਜ਼ਿਮਨੀ ਚੋਣਾਂ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ‘ਤੇ ਲਿਆ ਗਿਆ, ਜਿਸ ਵਿਚ ਸੱਤਾਧਾਰੀ ਪਾਰਟੀ ਨੂੰ ਦਾਖਾ ਵਿਧਾਨ ਸਭਾ ਹਲਕੇ ਅੰਦਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਡਾਕਟਰ ਚੀਮਾ ਇਹ ਹਲਕੇ ਵਿਚ ਅਕਾਲੀ ਦਲ ਦੇ ਚੋਣ ਇੰਚਾਰਜ ਸਨ। ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਾਣਬੁੱਝ ਕੇ ਆਪਣੇ ਵਿਰੋਧੀ ਦੀ ਜ਼ਿੰਦਗੀ ਖਤਰੇ ਵਿਚ ਪਾਉਣਾ ਚਾਹੁੰਦਾ ਹੈ, ਕਿਉਂਕਿ ਉਸ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਗਲਤ ਨੀਤੀਆਂ ਖ਼ਿਲਾਫ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਵਿੱਢੀ ਲੜਾਈ ਦਾ ਉਹ ਟਾਕਰਾ ਨਹੀਂ ਕਰ ਸਕਦਾ ਹੈ। ਅਕਾਲੀ ਆਗੂ ਨੇ ਖਦਸ਼ਾ ਜਤਾਇਆ ਕਿ ਅਮਰਿੰਦਰ ਦੀ ਨਿੱਜੀ ਅਤੇ ਸਿਆਸੀ ਬਦਲੇਖੋਰੀ ਦੀ ਸਿਆਸਤ ਦਾ ਹੋਰ ਅਕਾਲੀ ਆਗੂਆਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਯੋਧੇ ਕਾਂਗਰਸੀ ਸਰਕਾਰਾਂ ਦੇ ਅਜਿਹੇ ਘਟੀਆ ਅਤੇ ਹੋਛੇ ਹੱਥ ਕੰਡਿਆਂ ਬਹੁਤ ਵਾਰ ਸਾਹਮਣਾ ਕਰ ਚੁੱਕੇ ਹਨ ਅਤੇ ਉਹ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਭਵਿੱਖ ਵਿਚ ਵੀ ਕਰਦੇ ਰਹਿਣਗੇ। ਅਸੀ ਚੁਣੌਤੀਆਂ ਅਤੇ ਸੰਕਟਾਂ ਅੱਗੇ ਲਾ ਕੇ ਰੱਖਦੇ ਹਾਂ।ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਦੇ ਇਸ ਖੁੰਦਕ ਭਰੇ ਫੈਸਲੇ ਕਰਕੇ ਅਕਾਲੀ ਆਗੂ ਦੀ ਜ਼ਿੰਦਗੀ ਨੂੰ ਕੋਈ ਵੀ ਨੁਕਸਾਨ ਪੁੱਜਾ ਤਾਂ ਇਸ ਵਾਸਤੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਬਹੁਤ ਧੱਕੇਸ਼ਾਹੀਆਂ ਕੀਤੀਆਂ ਗਈਆਂ ਸਨ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਜਿਸ ਬਹਾਦਰੀ ਨਾਲ ਕਾਂਗਰਸੀ ਅੱਤਿਆਚਾਰਾਂ ਦਾ ਮੁਕਾਬਲਾ ਕੀਤਾ ਸੀ, ਮੁੱਖ ਮੰਤਰੀ ਉਸ ਦੀ ਸ਼ਲਾਘਾ ਨਹੀਂ ਸੀ ਕਰ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਨਿਕੰਮੇਪਣ, ਜਿਸ ਕਰਕੇ ਲੋਕ ਸਰਕਾਰ ਅਤੇ ਪਾਰਟੀ ਤੋਂ ਦੂਰ ਹੋ ਗਏ ਹਨ, ਨੂੰ ਸਵੀਕਾਰ ਕਰਨ ਦੀ ਬਜਾਇ ਅਜਿਹੀਆਂ ਘਟੀਆ ਹਰਕਤਾਂ ਉੱਤੇ ਉੱਤਰ ਆਇਆ ਹੈ,ਜਿਹੜੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਨਾ ਤਾਂ ਪਾਰਟੀ ਨੇ ਅਤੇ ਨਾ ਹੀ ਡਾਕਟਰ ਚੀਮਾ ਨੇ ਕਦੇ ਵੀ ਸਰਕਾਰ ਕੋਲੋਂ ਸੁਰੱਖਿਆ ਛਤਰੀ ਦੀ ਮੰਗ ਕੀਤੀ ਸੀ। ਅਕਾਲੀ ਆਗੂ ਨੂੰ ਦਿੱਤੀ ਸੁਰੱਖਿਆ ਛਤਰੀ ਉਹਨਾਂ ਦੀ ਜ਼ਿੰਦਗੀ ਨੂੰ ਖਤਰੇ ਸੰਬੰਧੀ ਸਰਕਾਰ ਦੀਆਂ ਆਪਣੀ ਖੁਫੀਆ ਰਿਪੋਰਟਾਂ ਦੇ ਆਧਾਰ ਉੱਤੇ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਦਾਖਾ ਹਲਕੇ ਅੰਦਰ ਕਾਂਗਰਸ ਦੀ ਸ਼ਰਮਨਾਕ ਹਾਰ ਮਗਰੋਂ ਇਸ ਸੁਰੱਖਿਆ ਛਤਰੀ ਨੂੰ ਵਾਪਸ ਲੈਣਾ ਸਾਬਿਤ ਕਰਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਦੀਆਂ ਖੁਫੀਆਂ ਰਿਪੋਰਟਾਂ ਨੂੰ ਦਰਕਿਨਾਰ ਕਰਦਿਆਂ ਇੱਕ ਆਗੂ ਦੀ ਸੁਰੱਖਿਆ ਵਰਗੇ ਅਹਿਮ ਮਸਲੇ ਉੱਤੇ ਨਿੱਜੀ ਅਤੇ ਸਿਆਸੀ ਖੁੰਦਕ ਨੂੰ ਭਾਰੂ ਹੋਣ ਦਿੱਤਾ ਗਿਆ ਹੈ।ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਮੁੱਖ ਮੰਤਰੀ ਅਤੇ ਉਸ ਦੇ ਸਾਥੀ ਮਨੁੱਖੀ ਜ਼ਿੰਦਗੀ ਦੀ ਕਿੰਨੀ ਘੱਟ ਕਦਰ ਕਰਦੇ ਹਨ। ਉਹਨਾਂ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਦੇ ਫੈਸਲੇ ਸਦਕਾ ਡਾਕਟਰ ਚੀਮਾ ਨੂੰ ਕੋਈ ਨੁਕਸਾਨ ਪੁੱਜਾ ਤਾਂ ਇਸ ਦੇ ਬੜੇ ਭਿਆਨਕ ਨਤੀਜੇ ਨਿਕਲਣਗੇ।