ਹਾਊਸਿੰਗ ਬੋਰਡ ਵੱਲੋਂ ਮਕਾਨ ਮਾਲਕਾਂ ਨੂੰ ਰਾਹਤ

06

October

2018

ਚੰਡੀਗੜ੍ਹ, ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿ ਰਹੇ ਹਜ਼ਾਰਾਂ ਵਾਸੀਆਂ ਵੱਲੋਂ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਸਬੰਧੀ ਰਾਹਤ ਦਿੱਤੀ ਗਈ ਹੈ। ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਲੋੜ ਅਨੁਸਾਰ ਤਬਦੀਲੀਆਂ ਜਾਂ ਉਸਾਰੀਆਂ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ। ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਜ਼ਰੂਰਤ ਅਨੁਸਾਰ ਕੀਤੇ ਬਦਲਾਵਾਂ ਤੇ ਉਸਾਰੀਆਂ ਨੂੰ ਲੈ ਕੇ ਪੇਸ਼ ਮਤੇ ਨੂੰ ਪਾਸ ਕਰ ਦਿੱਤਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਮੀਟਿੰਗ ਦੌਰਾਨ ਇਸ ਮਤੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਬੋਰਡ ਦੇ ਮਕਾਨਾਂ ਵਿੱਚ ਲੋਕਾਂ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਨੂੰ ਸਮੇਂ ਦੀ ਜ਼ਰੂਰਤ ਮੰਨਦੇ ਹੋਏ ਇਨ੍ਹਾਂ ਨੂੰ ਨਿਯਮਤ ਕਰਨ ਲਈ ਰੂਪਰੇਖਾ ਤਿਆਰ ਕੀਤੀ ਗਈ| ਬੋਰਡ ਨੇ ਮਕਾਨਾਂ ਵਿੱਚ ਬਾਲਕਨੀ ਦੀ ਉਸਾਰੀ, ਮਕਾਨਾਂ ਦੀਆਂ ਖਿੜਕੀਆਂ ਨੂੰ ਅਸਲ ਸਾਈਜ਼ ਤੋਂ ਵੱਡਾ ਕਰਨ, ਟੈਂਕ, ਸੋਲਰ ਵਾਟਰ ਹੀਟਿੰਗ ਸਿਸਟਮ ਤੇ ਡਿਸ਼ ਆਦਿ ਨੂੰ ਲਗਾਉਣ ਲਈ ਛੱਤ ਉੱਤੇ ਸਲੈਬ ਬਣਾਉਣ, ਮਕਾਨ ਦੀ ਮੁੱਖ ਦੀਵਾਰ ਨੂੰ ਉੱਚਾ ਕਰਨ ਅਤੇ ਦਰਵਾਜ਼ੇ ਲਗਾਉਣ ਬਾਰੇ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਐਚਆਈਜੀ ਤੇ ਐਮਆਈਜੀ ਫਲੈਟਾਂ ਦੇ ਪਿਛਲੇ ਪਾਸੇ ਵਰਾਂਡੇ ਨੂੰ 50 ਫ਼ੀਸਦੀ, ਈਡਬਲਿਊਐਸ ਤੇ ਐਲਆਈਜੀ ਕੈਟੇਗਰੀ ਦੇ ਮਕਾਨਾਂ ਵਿੱਚ ਪਿਛਲੇ ਵਿਹੜੇ ਨੂੰ 75 ਫ਼ੀਸਦੀ ਤੱਕ ਉਸਾਰੀ ਕਰ ਕੇ ਛੱਤ ਪਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ 63000 ਦੇ ਕਰੀਬ ਹਾਊਸਿੰਗ ਬੋਰਡ ਦੇ ਮਕਾਨ ਹਨ ਅਤੇ ਇਨ੍ਹਾਂ ਮਕਾਨਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਜ਼ਰੂਰਤ ਅਨੁਸਾਰ ਤਬਦੀਲੀਆਂ ਕੀਤੀਆਂ ਹੋਈਆਂ ਹਨ। ਹਾਊਸਿੰਗ ਬੋਰਡ ਦੇ ਵਸਨੀਕਾਂ ਅਤੇ ਬੋਰਡ ਵਿਚਕਾਰ ਲਮੇਂ ਸਮੇਂ ਇਨ੍ਹਾਂ ਤਬਦੀਲੀਆਂ ਬਾਰੇ ਰੇੜਕਾ ਚਲਦਾ ਰਿਹਾ ਹੈ। ਜਿਥੇ ਇਨ੍ਹਾਂ ਤਬਦੀਲੀਆਂ ਅਤੇ ਉਸਾਰੀਆਂ ਨੂੰ ਬੋਰਡ ਨੇ ਗੈਰਕਾਨੂੰਨੀ ਕਹਿ ਕੇ ਤੋੜਨ ਜਾਂ ਮਕਾਨ ਰੱਦ ਕਰਨ ਦੇ ਨੋਟਿਸ ਦਿੱਤੇ ਸਨ, ਉਥੇ ਹਾਊਸਿੰਗ ਬੋਰਡ ਦੇ ਵਸਨੀਕ ਇਨ੍ਹਾਂ ਉਸਾਰੀਆਂ ਤੇ ਤਬਦੀਲੀਆਂ ਨੂੰ ਸਮੇਂ ਦੀਆਂ ਜ਼ਰੂਰਤ ਦੱਸ ਕੇ ਉਸਾਰੀਆਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਹਨ। ਜਨਤਕ ਥਾਵਾਂ ’ਤੇ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ ਚੰਡੀਗੜ੍ਹ ਵਿੱਚ ਜਨਤਕ ਥਾਂਵਾਂ ’ਤੇ ਕਬਜ਼ੇ ਕਰਨ ਵਾਲਿਆਂ ਦਾ ਸਾਮਾਨ ਜ਼ਬਤ ਕਰ ਕੇ ਨਿਲਾਮ ਕਰ ਦਿੱਤਾ ਜਾਵੇਗਾ। ਇਸ ਬਾਰੇ ਨਿਗਮ ਦੀ ਕਬਜ਼ਾ ਹਟਾਊ ਕਮੇਟੀ ਦੀ ਅੱਜ ਮੀਟਿੰਗ ਹੋਈ। ਕੌਂਸਲਰ ਦਲੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਨੂੰ ਕਬਜ਼ਾ-ਮੁਕਤ ਕਰਨ ਲਈ ਕਈਂ ਫੈਸਲੇ ਲਏ ਗਏ। ਕਰਜ਼ਾਕਾਰੀਆਂ ਦੀ ਵੀਡੀਓਗ੍ਰਾਫੀ ਕਰ ਕੇ ਨਿਗਮ ਹਾਊਸ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ। ਇਸ ਬਾਰੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਕਮੇਟੀ ਮੈਂਬਰ ਨਿਗਮ ਦੇ ਜੁਆਇੰਟ ਕਮਿਸ਼ਨਰ ਅਤੇ ਕਬਜ਼ੇ ਹਟਾਊ ਦਸਤੇ ਨਾਲ ਮਾਰਕੀਟਾਂ ਦਾ ਨਿਰੀਖਣ ਕਰਨਗੇ। ਇਸੇ ਤਰ੍ਹਾਂ ਮਨੀਮਾਜਰਾ ਅਤੇ ਉਦਿਯੋਗਿਕ ਖੇਤਰ ਵਿੱਚ ਕਬਾੜੀਆਂ ਵਲੋਂ ਕੀਤੇ ਕਬਜ਼ੇ ਹਟਾਉਣ ਲਈ ਵੀ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਵਿੱਚ ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਸਤੀਸ਼ ਕੈਂਥ, ਮੇਜਰ ਜਨਰਲ ਐਮਐਸ ਕੌਂਡਲ, ਰਾਜੇਸ਼ ਕੁਮਾਰ ਗੁਪਤਾ, ਸ਼ੀਲਾ ਦੇਵੀ, ਮਹੇਸ਼ ਇੰਦਰ ਸਿੰਘ ਸਿੱਧੂ, ਹਰਦੀਪ ਸਿੰਘ ਬੁਟੇਰਲਾ, ਜਗਤਾਰ ਸਿੰਘ ਜੱਗਾ ਤੇ ਨਿਗਮ ਦੇ ਜੁਆਇੰਟ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਹਾਜ਼ਰ ਸਨ।