ਫ਼ਿਲਮੀ ਆਸਮਾਨ ਦੇ ਨਵੇਂ ਸਿਤਾਰੇ

31

July

2019

ਬੌਲੀਵੁੱਡ ਦੀ ਇਸ ਸਾਲ ਦੀ ਪਹਿਲੀ ਛਿਮਾਹੀ ਨੌਜਵਾਨ ਪੀੜ੍ਹੀ ਦੇ ਨਾਂ ਰਹੀ। ਕਈ ਨਵੇਂ ਚਿਹਰੇ ਸਿਲਵਰ ਸਕਰੀਨ ’ਤੇ ਨਜ਼ਰ ਆਏ ਤਾਂ ਕੁਝ ਨਵੀਆਂ ਜੋੜੀਆਂ ਵੀ ਬਣੀਆਂ। ਕੁਝ ਕਲਾਕਾਰਾਂ ਨੇ ਤਾਂ ਵੱਡੇ ਪਰਦੇ ’ਤੇ ਸ਼ੁਰੂਆਤ ਕਰਦੇ ਹੀ ਗਜ਼ਬ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਾਲ ਦੀ ਦੂਜੀ ਛਿਮਾਹੀ ਵਿਚ ਵੀ ਕਈ ਨਵੇਂ ਸਿਤਾਰੇ ਬੌਲੀਵੁੱਡ ਵਿਚ ਚਮਕ ਬਿਖੇਰਨ ਲਈ ਤਿਆਰ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਕੁਝ ਸਿਤਾਰਿਆਂ ਦੇ ਬੱਚੇ ਹਨ, ਕੁਝ ਉਨ੍ਹਾਂ ਦੇ ਭਾਈ ਭੈਣ ਤਾਂ ਕੁਝ ਬਾਹਰੋਂ ਨਵੇਂ ਆ ਰਹੇ ਹਨ। ਦੇਖਣਾ ਇਹ ਹੈ ਕਿ ਆਉਣ ਵਾਲੀਆਂ ਫ਼ਿਲਮਾਂ ਵਿਚ ਇਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਨੂੰ ਦਰਸ਼ਕਾਂ ਤੋਂ ਕਿੰਨਾ ਪਿਆਰ ਮਿਲਦਾ ਹੈ। ਇਕ ਪੁਰਾਣੀ ਕਹਾਵਤ ਹੈ ਕਿ ਡਾਕਟਰ ਦਾ ਬੇਟਾ ਡਾਕਟਰ, ਇੰਜਨੀਅਰ ਦਾ ਬੇਟਾ ਇੰਜਨੀਅਰ ਅਤੇ ਅਦਾਕਾਰ ਦਾ ਬੇਟਾ ਅਦਾਕਾਰ ਦੇ ਰੂਪ ਵਿਚ ਜ਼ਿਆਦਾ ਕਾਮਯਾਬ ਹੁੰਦਾ ਹੈ। ਆਖਿਰ ਬੱਚਿਆਂ ਦੇ ਰੋਲ ਮਾਡਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੀ ਹੁੰਦੇ ਹਨ। ਇਹੀ ਫਲਸਫ਼ਾ ਬੌਲੀਵੁੱਡ ਵਿਚ ਵੀ ਲਾਗੂ ਹੁੰਦਾ ਹੈ, ਇੱਥੇ ਅਸੀਂ ਗੱਲ ਕਰ ਰਹੇ ਹਾਂ ਬੌਲੀਵੁੱਡ ਦੇ ਉਨ੍ਹਾਂ ਚਮਕਦੇ ਸਿਤਾਰਿਆਂ ਦੀ ਜੋ ਸਿਲਵਰ ਸਕਰੀਨ ’ਤੇ ਚਮਕਣ ਲਈ ਤਿਆਰ ਹਨ। ਉਨ੍ਹਾਂ ਨਵੇਂ ਸਿਤਾਰਿਆਂ ਦੀ ਜਿਨ੍ਹਾਂ ਨੇ ਹਾਲ ਹੀ ਦੇ ਦਿਨਾਂ ਵਿਚ ਵੱਡੀ ਸਕਰੀਨ ’ਤੇ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਇਸ ਛਿਮਾਹੀ ਵਿਚ ਬੌਲੀਵੁੱਡ ਵਿਚ ਨਵੇਂ ਸਿਤਾਰਿਆਂ ਦਾ ਰਿਪੋਰਟ ਕਾਰਡ ਘੋਖੀਏ ਤਾਂ ਇਨ੍ਹਾਂ ਲਈ ਇਹ ਸਾਲ ਧਮਾਕੇਦਾਰ ਰਿਹਾ ਹੈ। ਪਿਛਲੇ ਸਾਲ ਫ਼ਿਲਮ ‘ਧੜਕ’ ਨਾਲ ਸ੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਨੇ ਬੌਲੀਵੁੱਡ ਵਿਚ ਪ੍ਰਵੇਸ਼ ਕੀਤਾ ਸੀ। ਜਾਹਨਵੀ ਤੋਂ ਬਾਅਦ ਹੁਣ ਛੋਟੀ ਬੇਟੀ ਖੁਸ਼ੀ ਕਪੂਰ ਵੀ ਬੌਲੀਵੁੱਡ ਵਿਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸਨੂੰ ਬੌਲੀਵੁੱਡ ਵਿਚ ਪ੍ਰਵੇਸ਼ ਕਰਵਾ ਰਹੇ ਹਨ ਕਰਨ ਜੌਹਰ। ਕਰਨ ਨੇ ਖੁਸ਼ੀ ਨੂੰ ਆਪਣੀ ਫ਼ਿਲਮ ਵਿਚ ਇਕ ਕਿਰਦਾਰ ਦਿੱਤਾ ਹੈ ਜਿਸ ਵਿਚ ਖੁਸ਼ੀ ਕਪੂਰ, ਜਾਵੇਦ ਜਾਫ਼ਰੀ ਦੇ ਬੇਟੇ ਮਿਜ਼ਾਨ ਜਾਫ਼ਰੀ ਨਾਲ ਸਕਰੀਨ ਸਾਂਝੀ ਕਰੇਗੀ। ਕਈ ਹਿੰਦੀ ਫ਼ਿਲਮਾਂ ਵਿਚ ਕੁਝ ਸਹਾਇਕ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਸੰਜਨਾ ਸਾਂਘੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਾਇਕਾ ਦੇ ਰੂਪ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰੇਗੀ। ‘ਕਿਜੀ ਔਰ ਮੈਨੀ’ ਨਾਂ ਨਾਲ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਕਰ ਰਹੇ ਹਨ। ਸਾਹੇਰ ਬੰਬਾ ਆਪਣੀ ਆਗਾਮੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਵਿਚ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਨਾਲ ਰੁਮਾਂਸ ਕਰਦੀ ਨਜ਼ਰ ਆਏਗੀ। ਆਲੀਆ ਫਰਨੀਚਰਵਾਲਾ ਆਪਣੀ ਸ਼ੁਰੂਆਤ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਵੱਡੀ ਸੰਖਿਆ ਵਿਚ ਪ੍ਰਸੰਸਕ ਬਣਾ ਚੁੱਕੀ ਹੈ। ਉਹ ਪੂਜਾ ਬੇਦੀ ਦੀ ਧੀ ਹੈ। ਉਹ ਨਿਤਿਨ ਕੱਕੜ ਦੀ ਫ਼ਿਲਮ ‘ਜਵਾਨੀ ਜਾਨੇਮਨ’ ਵਿਚ ਸਈਦ ਅਲੀ ਖ਼ਾਨ ਦੀ ਬੇਟੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏਗੀ। ਭਾਵਨਾਤਮਕ ਕਹਾਣੀ ਨਾਲ ਭਰਪੂਰ ਇਹ ਫ਼ਿਲਮ ਪਿਤਾ ਅਤੇ ਬੇਟੀ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ। ਲੂਲੀਆ ਵੰਤੂਰ, ਉਹ ਹੀ ਹੈ ਜਿਸ ਬਾਰੇ ਅਫ਼ਵਾਹਾਂ ਸਨ ਕਿ ਉਹ ਸਲਮਾਨ ਖ਼ਾਨ ਨਾਲ ਵਿਆਹ ਕਰਾਉਣ ਵਾਲੀ ਹੈ। ਲੂਲੀਆ ਇਸ ਸਾਲ ਫ਼ਿਲਮ ‘ਰਾਧਾ ਕਿਉਂ ਗੋਰੀ, ਮੈਂ ਕਿਉਂ ਕਾਲਾ’ ਨਾਲ ਸ਼ੁਰੂਆਤ ਕਰ ਰਹੀ ਹੈ। ਇਸ ਫ਼ਿਲਮ ਵਿਚ ਉਸਨੂੰ ਗ਼ੈਰ ਭਾਰਤੀ ਕ੍ਰਿਸ਼ਨ ਭਗਤ ਦੇ ਰੂਪ ਵਿਚ ਦਿਖਾਇਆ ਗਿਆ ਹੈ। ਬੌਲੀਵੁੱਡ ਦੇ ਉੱਘੇ ਅਦਾਕਾਰ ਸਨੀ ਦਿਓਲ ਦਾ ਬੇਟਾ ਕਰਨ ਦਿਓਲ ਵੀ ਵੱਡੇ ਪਰਦੇ ’ਤੇ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਨੀ ਦਿਓਲ ਖ਼ੁਦ ਆਪਣੇ ਬੇਟੇ ਨੂੰ ਇੰਡਸਟਰੀ ਵਿਚ ਲਾਂਚ ਕਰ ਰਿਹਾ ਹੈ। ਕਰਨ ਦਿਓਲ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ। ਪ੍ਰਨੂਤਨ ਬਹਿਲ ਅਦਾਕਾਰ ਮੋਹਨੀਸ਼ ਬਹਿਲ ਦੀ ਬੇਟੀ ਅਤੇ ਆਪਣੇ ਸਮੇਂ ਦੀ ਮਹਾਨ ਅਦਾਕਾਰਾ ਨੂਤਨ ਦੀ ਪੋਤੀ ਹੈ। ਉਸਨੂੰ ਵੀ ਬੌਲੀਵੁੱਡ ਵਿਚ ਸਲਮਾਨ ਖ਼ਾਨ ਲੈ ਕੇ ਆਇਆ ਹੈ। ਉਸਨੂੰ ਸਲਮਾਨ ਖ਼ਾਨ ਦੀ ਫ਼ਿਲਮ ‘ਨੋਟਬੁੱਕ’ ਵਿਚ ਜ਼ਹੀਰ ਇਕਬਾਲ ਨਾਲ ਦੇਖਿਆ ਗਿਆ ਹੈ। ਕੈਟਰੀਨਾ ਕੈਫ ਦੀ ਭੈਣ ਇਸਾਬੈੱਲ ਕੈਫ ਵੀ ਵੱਡੇ ਪਰਦੇ ’ਤੇ ਆ ਰਹੀ ਹੈ। ਉਸਨੂੰ ਵੀ ਬੌਲੀਵੁੱਡ ਵਿਚ ਸਲਮਾਨ ਖ਼ਾਨ ਹੀ ਲੈ ਕੇ ਆ ਰਿਹਾ ਹੈ। ਉਹ ਸੂਰਜ ਪੰਚੋਲੀ ਨਾਲ ਨਜ਼ਰ ਆਵੇਗੀ, ਫ਼ਿਲਮ ਦਾ ਨਾਂ ਹੈ ‘ਟਾਈਮ ਟੂ ਡਾਂਸ’। ਸਟੇਨਲੀ ਡਿਕੋਸਟਾ ਵੱਲੋਂ ਨਿਰਦੇਸ਼ਤ ਇਹ ਡਾਂਸ ਆਧਾਰਿਤ ਫ਼ਿਲਮ ਹੈ। ਬੌਲੀਵੁੱਡ ਦੇ ਉੱਘੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀ ਭਾਣਜੀ ਸ਼ਰਮਿਨ ਸਹਿਗਲ ਨੂੰ ਹਾਲ ਹੀ ਵਿਚ ਲਾਂਚ ਕਰ ਚੁੱਕੇ ਹਨ। ਸ਼ਰਮਿਨ ਜਾਵੇਦ ਜਾਫ਼ਰੀ ਦੇ ਬੇਟੇ ਮਿਜ਼ਾਨ ਨਾਲ ‘ਮਲਾਲ’ ਫ਼ਿਲਮ ਵਿਚ ਨਜ਼ਰ ਆਈ ਸੀ। ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੇ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦਿ ਯੀਅਰ 2’ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਅਨੰਨਿਆ ਦੀ ਖ਼ੂਬਸੂਰਤੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਦੀ ਭਰਪੂਰ ਸ਼ਲਾਘਾ ਮਿਲੀ ਹੈ। ਹੁਣ ਦੇਖਣਾ ਇਹ ਹੈ ਕਿ ਉਸਦੇ ਖਾਤੇ ਵਿਚ ਕਿੰਨੀਆਂ ਫ਼ਿਲਮਾਂ ਆਉਣਗੀਆਂ। ਅਨੰਨਿਆ ਦੇ ਨਾਲ ਨਾਲ ਤਾਰਾ ਸੁਤਾਰਿਆ ਨੇ ਵੀ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦਿ ਯੀਅਰ 2’ ਨਾਲ ਹੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਤਾਰਾ ਇਸਤੋਂ ਪਹਿਲਾਂ ਡਿਜ਼ਨੀ ਦੇ ਇਕ ਸ਼ੋਅ ਵਿਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰ ਸੁਨੀਲ ਸ਼ੈਟੀ ਦਾ ਬੇਟਾ ਅਹਾਨ ਸ਼ੈਟੀ ਵੀ ਬੌਲੀਵੁੱਡ ਵਿਚ ਪ੍ਰਵੇਸ਼ ਕਰਨ ਲਈ ਤਿਆਰ ਹੈ। ਉਹ ਸਾਜਿਦ ਨਾਡਿਆਡਵਾਲਾ ਦੀ ਫ਼ਿਲਮ ਵਿਚ ਨਜ਼ਰ ਆਵੇਗਾ ਜੋ ਦੱਖਣ ਦੀ ਫ਼ਿਲਮ ‘ਆਰਐਕਸ 100’ ਦਾ ਰੀਮੇਕ ਹੈ। ਅਹਾਨ ਤੋਂ ਪਹਿਲਾਂ ਉਸਦੀ ਭੈਣ ਅਥਿਆ ਸ਼ੈਟੀ ਵੀ ਬੌਲੀਵੁੱਡ ਵਿਚ ਝਲਕ ਦਿਖਾ ਚੁੱਕੀ ਹੈ। ਇਸ ਸਾਲ ਟਵਿੰਕਲ ਖੰਨਾ ਦੇ ਮਮੇਰੇ ਭਰਾ ਕਰਨ ਕਪਾਡੀਆ ਨੇ ਵੀ ਫ਼ਿਲਮਾਂ ਵਿਚ ਸ਼ੁਰੂਆਤ ਕੀਤੀ ਹੈ। ਫ਼ਿਲਮ ‘ਬਲੈਂਕ’ ਵਿਚ ਕਰਨ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਹੈ। ਕਰਨ ਬਣਿਆ ‘ਗੌਡਫਾਦਰ’ ਬੌਲੀਵੁੱਡ ਵਿਚ ਫ਼ਿਲਮਸਾਜ਼ ਕਰਨ ਜੌਹਰ ‘ਗੌਡਫਾਦਰ’ ਬਣ ਗਿਆ ਹੈ। ਉਸਨੇ ਕਈ ਵਾਰ ਸਿਤਾਰਿਆਂ ਦੇ ਬੱਚਿਆਂ ਨੂੰ ਬੌਲੀਵੁੱਡ ਵਿਚ ਪ੍ਰਵੇਸ਼ ਕਰਾਇਆ ਹੈ। ਸਿਤਾਰਿਆਂ ਦੇ ਬੱਚਿਆਂ ਨੂੰ ਲੈ ਕੇ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਹੁੰਦਾ ਹੈ ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ ’ਤੇ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਹਨ। ਕਰਨ ਜੌਹਰ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਆਉਂਦਾ ਹੈ। ਹਾਲਾਂਕਿ ਕਾਮਯਾਬੀ ਉਨ੍ਹਾਂ ਦੀ ਅਦਾਕਾਰੀ ’ਤੇ ਹੀ ਟਿਕੀ ਹੁੰਦੀ ਹੈ। ਇਸ ਬਾਰੇ ਕਰਨ ਜੌਹਰ ਦਾ ਮੰਨਣਾ ਹੈ ਕਿ ਉਹ ਜਦੋਂ ਵੀ ਸਿਤਾਰਿਆਂ ਦੇ ਬੱਚਿਆਂ ਨੂੰ ਬੌਲੀਵੁੱਡ ਵਿਚ ਪ੍ਰਵੇਸ਼ ਦਿਵਾਉਂਦਾ ਹੈ ਤਾਂ ਉਸਦੀ ਸੋਚ ਇਹੀ ਹੁੰਦੀ ਹੈ ਕਿ ਇਹ ਬੱਚੇ ਵੀ ਆਪਣੇ ਨਾਮ ਨਾਲ ਆਪਣੀ ਅਲੱਗ ਪਛਾਣ ਬਣਾਉਣ। ਜਦੋਂ ਸਿਤਾਰਿਆਂ ਦੇ ਬੱਚਿਆਂ ਨੂੰ ਪ੍ਰਵੇਸ਼ ਦਿਵਾਉਣ ਬਾਰੇ ਕਰਨ ’ਤੇ ਸਵਾਲ ਉਠਾਏ ਜਾਂਦੇ ਹਨ ਤਾਂ ਉਸਦਾ ਜਵਾਬ ਹੁੰਦਾ ਹੈ, ‘ਉਹ ਆਪਣੇ ਪਰਿਵਾਰ ਦੇ ਨਾਂ ਤੋਂ ਵੀ ਅੱਗੇ ਆਪਣੀ ਪਛਾਣ ਬਣਾਉਣ, ਇਹ ਸਾਡੀ ਅਤੇ ਉਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਹੈ।’