ਅੰਜੁਮ ਮੌਦਗਿਲ ਨੇ ਦੂਜਾ ਸੋਨ ਤਗ਼ਮਾ ਫੁੰਡਿਆ

31

July

2019

ਨਵੀਂ ਦਿੱਲੀ, ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅੰਜੁਮ ਮੌਦਗਿਲ ਨੇ ਅਰਜਨ ਬਾਬੁਤਾ ਨਾਲ ਮਿਲ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਅੱਜ ਸੋਨ ਤਗ਼ਮਾ ਜਿੱਤਿਆ, ਜੋ ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਸੋਨ ਤਗ਼ਮਾ ਹੈ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਵਿਸ਼ਵ ਵਿੱਚ ਅੱਠਵੇਂ ਨੰਬਰ ਦੀ ਨਿਸ਼ਾਨੇਬਾਜ਼ ਮੌਦਗਿਲ ਨੇ ਕੱਲ੍ਹ ਆਲਮੀ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਮੇਹੁਲੀ ਘੋਸ਼ ਨੂੰ 1.7 ਅੰਕ ਨਾਲ ਪਛਾੜ ਕੇ ਸੋਨ ਤਗ਼ਮਾ ਜਿੱਤਿਆ ਸੀ। ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ’ਤੇ ਇਸ ਦੇ ਇੱਕ ਦਿਨ ਮਗਰੋਂ ਪੰਜਾਬ ਦੀ ਮੌਦਗਿਲ ਅਤੇ ਅਰਜਨ ਦੀ ਜੋੜੀ ਨੇ ਪੱਛਮੀ ਬੰਗਾਲ ਦੀ ਮੇਹੁਲੀ ਅਤੇ ਅਭਿਨਵ ਸ਼ਾਅ ਦੀ ਜੋੜੀ ਨੂੰ 16-12 ਨਾਲ ਹਰਾ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਅਯੋਨਿਕਾ ਪਾਲ ਅਤੇ ਅਖਿਲ ਸ਼ੇਰੋਨ ਨੇ ਇਸ ਮੁਕਾਬਲੇ ਦਾ ਕਾਂਸੀ ਤਗ਼ਮਾ ਜਿੱਤਿਆ। ਉਸ ਨੇ ਉਤਰ ਪ੍ਰਦੇਸ਼ ਦੀ ਅਯੂਸ਼ੀ ਗੁਪਤਾ ਅਤੇ ਸੌਰਭ ਨੂੰ 16-10 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਓਲੰਪੀਅਨ ਗੁਰਪ੍ਰੀਤ ਸਿੰਘ ਨੇ ਪੁਰਸ਼ਾਂ ਦੀ 25 ਮੀਟਰ ਸੈਂਟਰ ਫਾਇਰ ਪਿਸਟਲ ਵਿੱਚ 585 ਅੰਕ ਬਣਾ ਕੇ ਸੋਨ ਤਗ਼ਮਾ ਹਾਸਲ ਕੀਤਾ। ਸੀਆਰਪੀਐਫ ਦੀ ਪੁਸ਼ਪਾਂਜਲੀ ਰਾਣਾ ਨੇ ਮਹਿਲਾਵਾਂ ਦੀ 25 ਮੀਟਰ ਸਪੋਰਟਸ ਪਿਸਟਲ, ਜਦਕਿ ਉਤਰ ਪ੍ਰਦੇਸ਼ ਦੀ ਅਰੁਣਿਮਾ ਗੌੜ ਨੇ ਜੂਨੀਅਰ ਮਹਿਲਾ ਮੁਕਾਬਲਾ ਜਿੱਤਿਆ।