ਮੁਫ਼ਤ ਇਲਾਜ ਦੇਣ ਵਾਲੀ ਮੋਬਾਈਲ ਸੇਵਾ ਨੇ ਦਮ ਤੋੜਿਆ

15

July

2019

ਐਸ.ਏ.ਐਸ. ਨਗਰ (ਮੁਹਾਲੀ), ਪਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਨੈਸ਼ਨਲ ਮੈਡੀਕਲ ਮੋਬਾਈਲ ਯੂਨਿਟ ਦੀ ਵਿਸ਼ੇਸ਼ ਵੈਨ ਰਾਹੀਂ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਕੇ ਲੋਕਾਂ ਦਾ ਚੈੱਕਅਪ ਅਤੇ ਐਕਸ-ਰੇਅ, ਈਸੀਜੀ, ਖੂਨ ਤੇ ਹੋਰ ਟੈੱਸਟ ਕੀਤੇ ਜਾਂਦੇ ਸਨ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਰ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਲਈ ਵਰਤੋਂ ਵਿੱਚ ਆਉਣ ਵਾਲੀ ਇਹ ਮੈਡੀਕਲ ਮੋਬਾਈਲ ਵੈਨ ਲਗਭਗ ਪਿਛਲੇ ਤਿੰਨ ਮਹੀਨੇ ਤੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਕੋਨੇ ਵਿੱਚ ਲਾਵਾਰਿਸ ਖੜ੍ਹੀ ਹੈ। ਉਂਜ ਵੀ ਇਸ ਵੈਨ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਕਾਫੀ ਕੰਮ ਹੋਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੈਡੀਕਲ ਵੈਨ ਵਿੱਚ ਲੋਕਾਂ ਦੇ ਇਲਾਜ ਲਈ ਤਾਇਨਾਤ ਮਹਿਲਾ ਡਾਕਟਰ ਮਨਜੀਤ ਕੌਰ ਖ਼ੁਦ ਬਲੱਡ ਕੈਂਸਰ ਤੋਂ ਪੀੜਤ ਸਨ। ਬੀਤੀ 13 ਅਪਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਮੈਡੀਕਲ ਮੋਬਾਈਲ ਵੈਨ ਲਈ ਕੋਈ ਦੂਜਾ ਡਾਕਟਰ ਤਾਇਨਾਤ ਨਹੀਂ ਕੀਤਾ ਜਿਸ ਕਾਰਨ ਇਹ ਵੈਨ ਹਸਪਤਾਲ ਵਿੱਚ ਮੁਫ਼ਤ ਦਵਾਈਆਂ ਦੀ ਡਿਸਪੈਂਸਰੀ ਦੇ ਪਿੱਛੇ ਖੜ੍ਹੀ ਹੈ ਅਤੇ ਬਾਕੀ ਸਟਾਫ਼ ਜਿਨ੍ਹਾਂ ਵਿੱਚ ਫਾਰਮਾਸਿਸਟ, ਸਟਾਫ਼ ਨਰਸ, ਰੇਡੀਓਗਰਾਫ਼ਰ, ਮੈਡੀਕਲ ਲੈਬ ਟੈਕਨੀਸ਼ੀਅਨ, ਦਰਜਾ ਚਾਰ ਮੁਲਾਜ਼ਮ ਸ਼ਾਮਲ ਹਨ, ਦੀਆਂ ਸੇਵਾਵਾਂ ਸਰਕਾਰੀ ਹਸਪਤਾਲ ਵਿੱਚ ਲਈਆਂ ਜਾ ਰਹੀਆਂ ਹਨ। ਇਕ ਸਟਾਫ਼ ਮੈਂਬਰ ਨੇ ਦੱਸਿਆ ਕਿ ਜਿਹੜੇ ਵੀ ਪਿੰਡ ਵਿੱਚ ਇਸ ਮੋਬਾਈਲ ਵੈਨ ਨੇ ਜਾਣਾ ਹੁੰਦਾ ਸੀ ਤਾਂ ਪਹਿਲਾਂ ਹੀ ਗੁਰਦੁਆਰਾ ਜਾਂ ਮੰਦਰ ’ਚੋਂ ਸਬੰਧਤ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਜਾਂਦੀ ਸੀ ਕਿ ਅੱਜ ਮੈਡੀਕਲ ਵੈਨ ਫਲਾਣੀ ਥਾਂ ’ਤੇ ਖੜ੍ਹੀ ਹੋਵੇਗੀ ਅਤੇ ਲੋਕਾਂ ਦੇ ਸਾਰੇ ਟੈੱਸਟ ਅਤੇ ਇਲਾਜ ਮੁਫ਼ਤ ਕੀਤਾ ਜਾਵੇਗਾ। ਵੈਨ ਦੀ ਮੁਰੰਮਤ ਕਰਵਾਈ ਜਾਵੇਗੀ: ਸਿਵਲ ਸਰਜਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦੇ ਸਾਰ ਹੀ ਉਨ੍ਹਾਂ ਤੁਰੰਤ ਮੈਡੀਕਲ ਮੋਬਾਈਲ ਵੈਨ ਦੀ ਲੋੜੀਂਦੀ ਰਿਪੇਅਰ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਜਲਦੀ ਹੀ ਇਸ ਵੈਨ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦੀ ਮੌਤ ਤੋਂ ਬਾਅਦ ਲੋਕਾਂ ਦੇ ਇਲਾਜ ਲਈ ਪੱਕਾ ਡਾਕਟਰ ਤਾਇਨਾਤ ਕਰਨ ਲਈ ਪੰਜਾਬ ਸਰਕਾਰ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੱਕਾ ਡਾਕਟਰ ਨਹੀਂ ਮਿਲ ਜਾਂਦਾ ਉਦੋਂ ਤੱਦ ਸਰਕਾਰੀ ਹਸਪਤਾਲ ਜਾਂ ਹੋਰ ਪਾਸਿਓਂ ਆਰਜ਼ੀ ਤੌਰ ’ਤੇ ਕਿਸੇ ਮਾਹਰ ਡਾਕਟਰ ਦਾ ਪ੍ਰਬੰਧ ਕਰਕੇ ਮੋਬਾਈਲ ਵੈਨ ਨੂੰ ਪਿੰਡਾਂ ਵਿੱਚ ਭੇਜ ਕੇ ਲੋਕਾਂ ਦਾ ਇਲਾਜ ਯਕੀਨੀ ਬਣਾਇਆ ਜਾਵੇਗਾ।