ਦੋਹਤਾ ਨਿਕਲਿਆ ਏਆਈਜੀ ਦੀ ਮਾਂ ਦਾ ਕਾਤਲ

05

October

2018

ਜਲੰਧਰ, ਕਮਿਸ਼ਨਰੇਟ ਪੁਲੀਸ ਨੇ ਪੀਏਪੀ ਵਿੱਚ ਤਾਇਨਾਤ ਏਆਈਜੀ ਸਰੀਨ ਕੁਮਾਰ ਦੀ ਮਾਤਾ ਸ਼ੀਲਾ ਰਾਣੀ ਦਾ ਕਤਲ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਕੋਹਾ ਇਲਾਕੇ ਵਿੱਚ 16 ਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਆਈਜੀ ਸਰੀਨ ਕੁਮਾਰ ਦੀ ਮਾਤਾ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸ਼ੀਲਾ ਰਾਣੀ ਦੇ ਕਤਲ ਵਿੱਚ ਉਸ ਦਾ ਦੋਹਤਾ ਹੀ ਮੁਜਰਮ ਪਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਕਰਨ ਕੁਮਾਰ ਦੋਵੇਂ ਵਾਸੀ ਦਕੋਹਾ ਵਜੋਂ ਹੋਈ ਹੈ। ਦੋਹਾਂ ਦੀ ਉਮਰ 20 ਤੋਂ 23 ਸਾਲ ਵਿਚਕਾਰ ਹੈ ਤੇ ਦੋਵੇਂ ਨਸ਼ਿਆਂ ਦੇ ਆਦੀ ਦੱਸੇ ਜਾਂਦੇ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸ਼ੀਲਾ ਰਾਣੀ, ਸ਼ਿਵਮ ਦੀ ਮਾਤਾ ਦੀ ਭੂਆ ਲੱਗਦੀ ਸੀ ਤੇ ਉਹ ਅਕਸਰ ਹੀ ਉਸ ਦੀ ਮਾਂ ਨੂੰ ਨਸ਼ੇ ਕਾਰਨ ਉਸ ਵਿਰੁੱਧ ਉਕਸਾਉਂਦੀ ਰਹਿੰਦੀ ਸੀ। ਕਤਲ ਵਾਲੀ ਰਾਤ ਉਸ ਇਲਾਕੇ ’ਚ ਜਾਗੋ ਦਾ ਪ੍ਰੋਗਰਾਮ ਸੀ ਤੇ ਮੁਹੱਲੇ ਵਾਲੇ ਇਸ ਸਮਾਗਮ ਵਿੱਚ ਰੁੱਝੇ ਹੋਏ ਸਨ। ਇਸੇ ਗੱਲ ਦਾ ਮੌਕਾ ਤਾੜ ਕੇ ਸ਼ਿਵਮ ਤੇ ਕਰਨ ਗੁਆਂਢੀਆਂ ਦੇ ਕੋਠਿਆਂ ਤੋਂ ਹੁੰਦੇ ਹੋਏ ਸ਼ੀਲਾ ਰਾਣੀ ਦੇ ਘਰ ਉੱਤਰ ਗਏ। ਸ਼ਿਵਮ ਨੇ ਆਪਣੀ ਨਾਨੀ ਸ਼ੀਲਾ ਰਾਣੀ ਦਾ ਮੂੰਹ ਦਬਾ ਦਿੱਤਾ ਤੇ ਕਰਨ ਕੁਮਾਰ ਨੇ ਉਸ ਦੀਆਂ ਲੱਤਾਂ ਫੜੀਆਂ ਹੋਈਆਂ ਸਨ। ਇਸੇ ਕਾਰਨ ਸ਼ੀਲਾ ਰਾਣੀ ਦੀ ਮੌਤ ਹੋ ਗਈ। ਉਹ ਲੱਗੇ ਸ਼ੀਲਾ ਰਾਣੀ ਦੇ ਪਾਈ ਹੋਈ ਸੋਨੇ ਦੀ ਵੰਗ, ਮੁੰਦਰੀ ਅਤੇ ਵਾਲੀਆਂ ਤੇ ਪਰਸ ਵਿੱਚ ਰੱਖੇ ਪੈਸੇ ਲੈ ਗਏ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਲੁੱਟੇ ਗਏ ਗਹਿਣੇ ਬਰਾਮਦ ਕਰ ਲਏ ਹਨ।