ਅਮਿਤ ਕਟੋਚ ਕਤਲ ਮਾਮਲੇ ’ਚ ਚਾਰ ਮੁਲਜ਼ਮਾਂ ਦਾ 3 ਦਿਨਾ ਪੁਲੀਸ ਰਿਮਾਂਡ

02

July

2019

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 28 ਜੂਨ ਨੂੰ ਸੈਕਟਰ 40 ਵਿਚ ਅਮਿਤ ਕਟੋਚ (27) ਨੂੰ ਭਜਾ-ਭਜਾ ਕੇ ਮਾਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ। ਪੁਲੀਸ ਨੇ ਮੁਲਜ਼ਮਾਂ ਦਾ 3 ਦਿਨਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਫਿਲਹਾਲ ਕਤਲ ਦੇ ਮੁੱਖ ਮੁਲਜ਼ਮ ਰਜਤ ਤਿਵਾੜੀ ਨੂੰ ਫੜਨ ਵਿਚ ਨਾਕਾਮ ਸਾਬਤ ਹੋਈ ਹੈ। ਮੁਲਜ਼ਮਾਂ ਦੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਰਜਤ ਤਿਵਾੜੀ ਨੇ ਆਪਣੇ 4 ਦੋਸਤਾਂ ਸਮੇਤ ਅਮਿਤ ਉਪਰ ਉਸ ਨੂੰ ਸਬਕ ਸਿਖਾਉਣ ਅਤੇ ਆਪਣੀ ਚੌਧਰ ਚਮਕਾਉਣ ਲਈ ਹਮਲਾ ਕੀਤਾ ਸੀ ਪਰ ਗੰਭੀਰ ਵਾਰਾਂ ਕਾਰਨ ਅਮਿਤ ਦੀ ਜਾਨ ਚਲੀ ਗਈ। ਕ੍ਰਾਈਮ ਬਰਾਂਚ ਤੇ ਸੈਕਟਰ 39 ਥਾਣੇ ਦੀ ਪੁਲੀਸ ਵੱਲੋਂ ਗ੍ਰਿਫਤਾਰ ਚਾਰ ਮੁਲਜ਼ਮਾਂ ਦੀ ਪਛਾਣ ਬੁੜੈਲ ਦੇ ਤਿਲਕ ਉਰਫ ਡੀਸੀ (21) , ਸੈਕਟਰ 55 ਦੇ ਰਿਤਵਿਕ ਭਾਰਦਵਾਜ ਉਰਫ ਬਿੱਲਾ (19), ਸੈਕਟਰ 43 ਦੇ ਹਰਪ੍ਰੀਤ ਸਿੰਘ ਲਾਡੀ (19) ਅਤੇ ਸੈਕਟਰ 34 ਦੇ ਚੇਤਨ ਸਿੰਘ (18) ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਰਜਤ ਤਿਵਾੜੀ ਨੇ ਆਪਣੇ 4 ਦੋਸਤਾਂ ਸਮੇਤ ਅਮਿਤ ਕਟੋਚ ਉਪਰ ਸੈਕਟਰ 40 ਦੀ ਮਾਰਕੀਟ ਵਿਚ ਹਮਲਾ ਕੀਤਾ ਸੀ ਅਤੇ ਅਮਿਤ ਆਪਣੀ ਜਾਨ ਬਚਾਉਣ ਲਈ ਇਕ ਦੁਕਾਨ ਵਿਚ ਵੀ ਵੜ ਗਿਆ ਸੀ ਪਰ ਹਮਲਵਰਾਂ ਨੇ ਦੁਕਾਨ ਅੰਦਰ ਵੜ ਕੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਕੁਝ ਸਾਲ ਪਹਿਲਾਂ ਅਮਿਤ ਨੇ ਮੁੱਖ ਮੁਲਜ਼ਮ ਰਜਤ ਨੂੰ ਥੱਪੜ ਮਾਰੇ ਸਨ। ਉਸ ਵੇਲੇ ਉਹ ਦੋਵੇਂ ਸੈਕਟਰ 41 ਵਿਚ ਰਹਿੰਦੇ ਸਨ। ਪੁਲੀਸ ਵੱਲੋਂ ਰਿਮਾਂਡ ਵਿਚ ਲਏ 4 ਮੁਲਜ਼ਮਾਂ ਦੀ ਪੁੱਛ-ਪੜਤਾਲ ਕਰਕੇ ਮੁੱਖ ਮੁਲਜ਼ਮ ਰਜਤ ਦੇ ਠਿਕਾਣਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਫੜਨ ਲਈ ਵੱਖ-ਵੱਖ ਪੁਲੀਸ ਟੀਮਾਂ ਛਾਪੇ ਮਾਰ ਰਹੀਆਂ ਹਨ।