ਮੁੱਖ ਮੰਤਰੀ ਦਾ ਘਿਰਾਓ ਕਰਨ ਜਾਂਦੇ ਵੋਕੇਸ਼ਨਲ ਅਧਿਆਪਕਾਂ ਨੂੰ ਪੁਲੀਸ ਨੇ ਘੇਰਿਆ

02

July

2019

ਪੰਚਕੂਲਾ, ਬੀਤੇ 20 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਚਕੂਲਾ ਵਿਚ ਧਰਨੇ ਉੱਤੇ ਬੈਠੇ ਹਰਿਆਣਾ ਦੇ ਸਕੂਲਾਂ ਦੇ 1600 ਵੋਕੇਸ਼ਨਲ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੇ ਘਿਰਾਓ ਲਈ ਚੰਡੀਗੜ੍ਹ ਵੱਲ ਮਾਰਚ ਸ਼ੁਰੂ ਕੀਤਾ ਤਾਂ ਪੁਲੀਸ ਨੇ ਇਨ੍ਹਾਂ ਨੂੰ ਹਾਊਸਿੰਗ ਬੋਰਡ ਚੌਕ ਉੱਤੇ ਘੇਰ ਲਿਆ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ ਨਾਲ ਮੁਲਾਕਾਤ ਲਈ ਅਫਸਰਾਂ ਦਾ ਵਫ਼ਦ ਭੇਜਿਆ ਅਤੇ ਮੁਲਾਕਾਤ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ 2 ਜੁਲਾਈ ਨੂੰ ਹਰਿਆਣਾ ਸਰਕਾਰ ਦਾ ਵਫ਼ਦ ਹਰਿਆਣਾ ਸਿੱਖਿਆ ਸਦਨ ਦੇ ਅਫਸਰਾਂ ਨਾਲ ਇਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰੇਗਾ ਅਤੇ ਕੋਈ ਨਾ ਕੋਈ ਸਿੱਟਾ ਕੱਢੇਗਾ। ਹਰਿਆਣਾ ਦੇ ਵੋਕੇਸ਼ਨਲ ਟੀਚਰ ਸੰਘਰਸ਼ ਸਮਿਤੀ ਦੇ ਸੂਬਾ ਪ੍ਰਧਾਨ ਮੁਕੇਸ਼ ਗੁੱਜਰ ਅਤੇ ਸਟੇਟ ਜਨਰਲ ਸਕੱਤਰ ਅਨੂਪ ਿਢੱਲੋਂ ਨੇ ਕਿਹਾ ਹੈ ਿਕ ਜੇਕਰ 2 ਜੁਲਾਈ ਨੂੰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 3 ਜੁਲਾਈ ਨੂੰ ਪੰਚਕੂਲਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਆਮਦ ਉੱਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਕਰਨਗੇ ਅਤੇ ਫੇਰ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਘਰ ਦਾ ਘਿਰਾਓ ਕਰਨਗੇ ਅਤੇ ਭੁੱਖ ਹੜਤਾਲ ਜਾਰੀ ਰੱਖਣਗੇ। ਵੋਕੇਸ਼ਨਲ ਟੀਚਰਾਂ ਦੀਆਂ ਮੰਗਾਂ ਵਿਚ ਸ਼ਾਮਲ ਹੈ ਕਿ ਉਨ੍ਹਾਂ ਦੀ ਨੌਕਰੀ ਸੁਰੱਖਿਅਤ ਕੀਤੀ ਜਾਵੇ। ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਅਤੇ ਤਨਖਾਹਾਂ ਵਧਾਈਆਂ ਜਾਣ। ਅੱਜ ਜਦੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਇਨ੍ਹਾਂ ਵੋਕੇਸ਼ਨਲ ਟੀਚਰਾਂ ਨੇ ਮਾਰਚ ਸ਼ੁਰੂ ਕੀਤਾ ਤਾਂ ਇਨ੍ਹਾਂ ਨੂੰ ਚੰਡੀਗੜ੍ਹ ਜਾਣ ਲਈ ਪੁਲੀਸ ਨਾਲ ਕਾਫੀ ਸੰਘਰਸ਼ ਕਰਨਾ ਪਿਆ ਅਤੇ ਕੁਝ ਬੈਰੀਕੇਡ ਵੀ ਜਬਰੀ ਹਟਾਏ ਗਏ। ਸੂਬਾ ਪ੍ਰਧਾਨ ਮੁਕੇਸ਼ ਗੁੱਜਰ ਨੇ ਇਸ ਮਾਮਲੇ ਸਬੰਧੀ ਦੱਿਸਿਆ ਕਿ ਵੋਕੇਸ਼ਨਲ ਅਧਿਆਪਕ ਸੁੱਤੀ ਹੋਈ ਸਰਕਾਰ ਅਤੇ ਸੁੱਤੇ ਪਏ ਸਿੱਖਿਆ ਵਿਭਾਗ ਨੂੰ ਜਗਾਉਣ ਦਾ ਕੰਮ ਕਰ ਰਹੇ ਹਨ। ਸਰਕਾਰ ਚਾਹੇ ਉਨ੍ਹਾਂ ’ਤੇ ਜਿੰਨੇ ਮਰਜ਼ੀ ਕੇਸ ਦਰਜ ਕਰ ਲਵੇ ਪਰ ਹੁਣ ਵੋਕੇਸ਼ਨਲ ਅਧਿਆਪਕ ਪਿੱਛੇ ਹਟਣ ਵਾਲੇ ਨਹੀਂ। ਉਹ ਆਪਣਾ ਅਧਿਕਾਰ ਹਾਸਲ ਕਰਕੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਮੁਅੱਤਲ ਕਰਨ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ।