ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ

25

June

2019

ਐਸ.ਏ.ਐਸ. ਨਗਰ (ਮੁਹਾਲੀ), ਸਿਹਤ ਵਿਭਾਗ ਪੰਜਾਬ ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਹੇਠ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਇੱਥੋਂ ਦੇ ਫੇਜ਼-7 ਸਥਿਤ ਨਿੱਜੀ ਰਿਹਾਇਸ਼ੀ ਦਾ ਘਿਰਾਓ ਕੀਤਾ ਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਜਥੇਬੰਦੀ ਨੇ ਸਾਬਕਾ ਸਿਹਤ ਮੰਤਰੀ ਦੇ ਨੱਕ ’ਚ ਦਮ ਕਰਕੇ ਰੱਖਿਆ ਹੋਇਆ ਸੀ, ਪਰ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਿਹਤ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮਹੀਨਾ ਪਹਿਲਾਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸੀ ਪਰ ਹੁਣ ਤੱਕ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਬੇਰੁਜ਼ਗਾਰ ਸਿਹਤ ਕਾਮਿਆਂ ਨੂੰ ਮਜਬੂਰ ਹੋ ਕੇ ਸੜਕਾਂ ’ਤੇ ਆਉਣ ਪਿਆ। ਉਨ੍ਹਾਂ ਸਿਹਤ ਵਿਭਾਗ ’ਚ ਖਾਲੀ ਪਈਆਂ ਅਸਾਮੀਆਂ ’ਤੇ ਸਿਹਤ ਕਾਮਿਆਂ ਦੀ ਨਵੀਂ ਭਰਤੀ ਕਰਨ ਦੀ ਮੰਗ ਕੀਤੀ। ਅੱਜ ਸਵੇਰੇ 11 ਵਜੇ ਬੇਰੁਜ਼ਗਾਰ ਸਿਹਤ ਵਰਕਰ ਕਮਿਊਨਿਟੀ ਸੈਂਟਰ ਫੇਜ਼-7 ਨੇੜੇ ਇਕੱਠੇ ਹੋਏ ਤੇ ਕਾਫ਼ਲੇ ਦੇ ਰੂਪ ’ਚ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਚੋਣ ਵਾਅਦੇ ਚੇਤੇ ਕਰਵਾਏ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ’ਚ ਸਿਹਤ ਵਰਕਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਤੇ ਦੂਜੇ ਪਾਸੇ 3800 ਤੋਂ ਵੱਧ ਬੇਰੁਜ਼ਗਾਰ ਸਿਹਤ ਕਾਮੇ ਨੌਕਰੀ ਲਈ ਖੱਜਲ ਹੋ ਰਹੇ ਹਨ। ਸ੍ਰੀ ਢਿੱਲਵਾਂ ਨੇ ਸਿਹਤ ਕਾਮਿਆਂ ਦੀ ਮੰਗਾਂ ਬਾਰੇ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਤੇ ਉਮਰ ਹੱਦ ’ਚ ਚਾਰ ਸਾਲ ਛੋਟ ਦੇ ਕੇ ਭਰੀਆਂ ਜਾਣ। ਆਬਾਦੀ ਮੁਤਾਬਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਜਾਵੇ। ਭਰਤੀ ਪ੍ਰਕਿਰਿਆ ਨੂੰ ਨਿਰਧਾਰਤ ਸਮੇਂ ’ਚ ਪੂਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ’ਚ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ। ਇਸ ਮੌਕੇ ਮੁਲਾਜ਼ਮ ਆਗੂ ਸੋਨੀ ਪਾਇਲ, ਤਰਲੋਚਨ ਨਾਗਰਾ ਸੰਗਰੂਰ, ਸੁਖਦੇਵ ਸਿੰਘ ਫਾਜ਼ਿਲਕਾ, ਹਰਵਿੰਦਰ ਸਿੰਘ ਪਟਿਆਲਾ, ਪਲਵਿੰਦਰ ਹੁਸ਼ਿਆਰਪੁਰ, ਸਵਰਨ ਸਿੰਘ ਫਿਰੋਜ਼ਪੁਰ, ਰਵਿੰਦਰ ਫਿਰੋਜ਼ਪੁਰ, ਲਖਵੀਰ ਮਾਨਸਾ, ਮੱਖਣ ਰੱਲਾ, ਜਸਪਾਲ ਪਾਲੀ, ਅਮਰਜੀਤ ਮੁਕਤਸਰ ਆਦਿ ਹਾਜ਼ਰ ਸਨ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ 11 ਮੈਂਬਰੀ ਵਫ਼ਦ ਦੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਈ ਗਈ। ਸ੍ਰੀ ਸਿੱਧੂ ਨੇ ਬੇਰੁਜ਼ਗਾਰ ਸਿਹਤ ਕਾਮਿਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਤੁਰੰਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਤੀਸ਼ ਚੰਦਰਾ ਨਾਲ ਫੋਨ ’ਤੇ ਗੱਲ ਕੀਤੀ। ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਸਰਕਾਰੀ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।