ਮਿੰਢੇਮਾਜਰਾ ਦੇ ਪ੍ਰਾਇਮਰੀ ਸਕੂਲ ਨੂੰ ਲੱਗਿਆ ਤਾਲਾ

05

October

2018

ਬਨੂੜ, ਪਿੰਡ ਮਿੰਢੇਮਾਜਰਾ ਦੇ ਪ੍ਰਾਇਮਰੀ ਸਕੂਲ ਨੂੰ ਅੱਜ ਤਾਲਾ ਲੱਗਾ ਦਿੱਤਾ ਗਿਆ। ਸਕੂਲ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਅਤੇ ਇੱਕ ਅਧਿਆਪਕਾ ਨੂੰ ਸਬੰਧਤ ਸਕੂਲ ਤੋਂ ਡੇਢ ਕਿਲੋਮੀਟਰ ਦੂਰ ਸਥਿਤ ਪਿੰਡ ਗੀਗੇਮਾਜਰਾ ਦੇ ਪ੍ਰਾਇਮਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਸਕੂਲ ਅਧਿਆਪਕਾ ਨੇ ਖਰੜ-3 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਨਾ ਰਾਣੀ ਦੇ ਦਫ਼ਤਰ ਤੋਂ ਮੋਬਾਈਲ ਉੱਤੇ ਆਏ ਆਦੇਸ਼ਾਂ ਤਹਿਤ ਅੱਜ ਪਿੰਡ ਗੀਗੇਮਾਜਰਾ ਵਿੱਚ ਬੱਚਿਆਂ ਸਮੇਤ ਜੁਆਇੰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਅਧਿਆਪਕਾ ਨੂੰ ਬੁੱਧਵਾਰ ਨੂੰ ਸਕੂਲ ਬੰਦ ਕਰਨ ਸਬੰਧੀ ਮੋਬਾਈਲ ਉੱਤੇ ਨਿਰਦੇਸ਼ ਆਏ ਸਨ। ਉਨ੍ਹਾਂ ਨੂੰ ਅੱਜ ਗੀਗੇਮਾਜਰਾ ਦੇ ਸਕੂਲ ਜਾਣ ਲਈ ਆਖਿਆ ਗਿਆ ਸੀ। ਸਕੂਲ ਅਧਿਆਪਕਾ ਹਰਪ੍ਰੀਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਨਿਰਦੇਸ਼ ਮਗਰੋਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵਿਭਾਗੀ ਫੈਸਲੇ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਗੀਗੇਮਾਜਰਾ ਸਕੂਲ ਵਿੱਚ ਭੇਜਣ ਲਈ ਸਹਿਮਤ ਹੋ ਗਏ ਤੇ ਅੱਜ ਪੰਜਵੀਂ, ਚੌਥੀ ਅਤੇ ਦੂਜੀ ਕਲਾਸ ਵਿੱਚ ਪੜ੍ਹਦੇ ਤਿੰਨੋ ਬੱਚੇ ਵੀ ਗੀਗੇਮਾਜਰਾ ਸਕੂਲ ਵਿੱਚ ਪੜ੍ਹਨ ਲਈ ਆਏ ਹਨ। ਉੱਧਰ ਭੰਗ ਹੋਈ ਪੰਚਾਇਤ ਦੇ ਪਿੰਡ ਮਿੰਢੇਮਾਜਰਾ ਦੇ ਸਰਪੰਚ ਮਾਸਟਰ ਲਾਭ ਸਿੰਘ ਨੇ ਸਕੂਲ ਬੰਦ ਕਰਨ ਦੇ ਫੈਸਲੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਵਿਭਾਗ ਨੇ ਸੋਚ ਸਮਝਕੇ ਹੀ ਫੈਸਲਾ ਲਿਆ ਹੋਵੇਗਾ। ਪਿੰਡ ਦੇ ਕਈ ਵਸਨੀਕਾਂ ਨੇ ਵਿਭਾਗ ਦੇ ਸਕੂਲ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਪ੍ਰਾਇਮਰੀ ਸਕੂਲ ਦੇ ਕਿਸੇ ਵੀ ਬੱਚੇ ਨੂੰ ਇੱਕ ਕਿਲੋਮੀਟਰ ਦੇ ਘੇਰੇ ਤੋਂ ਦੂਰ ਪੜ੍ਹਨ ਲਈ ਨਹੀਂ ਭੇਜਿਆ ਜਾ ਸਕਦਾ। ਸਕੂਲ ਨੂੰ ਬੰਦ ਨਹੀਂ ਕੀਤਾ ਗਿਆ: ਸਿੱਖਿਆ ਅਫ਼ਸਰ ਮੁਹਾਲੀ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਘੱਟ ਵਿਦਿਆਰਥੀਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਵਿਭਾਗ ਨੂੰ ਭੇਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮਿੰਢੇਮਾਜਰਾ ਸਕੂਲ ਨੂੰ ਬੰਦ ਕਰਨ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ। ਇਸੇ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਨਾ ਰਾਣੀ ਦਾ ਪੱਖ ਜਾਣਨ ਲਈ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਫੋਨ ’ਤੇ ਸੰਪਰਕ ਨਹੀਂ ਹੋ ਸਕਿਆ।