Arash Info Corporation

ਹਵਾਈ ਅੱਡੇ ਨੇੜੇ ਨਾਜਾਇਜ਼ ਉਸਾਰੀਆਂ ਢਾਹੁਣ ਦੀ ਤਿਆਰੀ

05

October

2018

ਜ਼ੀਰਕਪੁਰ, ਜ਼ੀਰਕਪੁਰ ਨਗਰ ਕੌਂਸਲ ਨੇ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਪਾਬੰਦੀਸ਼ੁਦਾ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਈ ਅੱਡੇ ਦੇ 100 ਮੀਟਰ ਦੇ ਘੇਰੇ ਵਿੱਚ ਉਸਾਰੀਆਂ ਤੋੜਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿੱਚ ਕੌਂਸਲ ਦਾ ਸਰਵੇ ਕੱਲ੍ਹ ਮੁੱਕ ਜਾਏਗਾ ਤੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਉਸਾਰੀਆਂ ਤੋੜਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਜਾਏਗਾ। ਹਾਈ ਕੋਰਟ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ ਜਿਸ ਵਿੱਚ ਕੌਂਸਲ ਨੇ ਜਵਾਬ ਦੇਣਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਹਵਾਈ ਅੱਡੇ ਦੀ ਇਕ ਦੀਵਾਰ ਜ਼ੀਰਕਪੁਰ ਦੇ ਭਬਾਤ ਖੇਤਰ ਵਿੱਚ ਪੈਂਦੀ ਹੈ। ਹਵਾਈ ਅੱਡੇ ਦੀ ਸੁਰੱਖਿਆ ਨੂੰ ਦੇਖਦਿਆਂ ਇਸ ਦੇ 100 ਮੀਟਰ ਦੇ ਘੇਰੇ ਵਿੱਚ ਉਸਾਰੀ ਕਰਨ ’ਤੇ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਇਥੇ ਨਾਜਾਇਜ਼ ਉਸਾਰੀਆਂ ਨੂੰ ਰੋਕਣ ਲਈ ਗੰਭੀਰਤਾ ਨਹੀਂ ਦਿਖਾਈ ਗਈ। ਇਸ ਸਬੰਧੀ ਇਕ ਸੰਸਥਾ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਅਦਾਲਤ ਨੇ ਕੌਂਸਲ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਪਾਬੰਦੀਸ਼ੁਦਾ ਖੇਤਰ ਵਿੱਚ ਉਸਾਰੀਆਂ ਹਟਾਉਣ ਦੇ ਆਦੇਸ਼ ਦਿੱਤੇ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਕੱਲ੍ਹ ਤੋਂ ਹੀ ਨਾਜਾਇਜ਼ ਉਸਾਰੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਤਿੰਨ ਦਿਨ ਦਾ ਸਮਾਂ ਉਸਾਰੀਆਂ ਹਟਾਉਣ ਲਈ ਦਿੱਤਾ ਜਾਏਗਾ। ਜੇਕਰ ਨਿਰਧਾਰਤ ਸਮੇਂ ਵਿੱਚ ਨਾਜਾਇਜ਼ ਉਸਾਰੀਆਂ ਨਹੀਂ ਢਾਹੀਆਂ ਗਈਆਂ ਤਾਂ ਕੌਂਸਲ ਵੱਲੋਂ ਇਨ੍ਹਾਂ ਨੂੰ ਹਟਾ ਦਿੱਤਾ ਜਾਏਗਾ। ਭਬਾਤ ਖੇਤਰ ਵਿਚ ਪੁਰਾਣੇ ਬਣੇ ਘਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਜਿਹੜੇ ਘਰ ਕੌਂਸਲ ਦੇ ਬਣਨ ਤੋਂ ਪਹਿਲਾਂ ਜਾਂ ਜਿਨ੍ਹਾਂ ਦੇ ਨਕਸ਼ੇ ਪਾਸ ਹੋਏ ਹਨ, ਉਨ੍ਹਾਂ ਉਸਾਰੀਆਂ ਨੂੰ ਨਹੀਂ ਹਟਾਇਆ ਜਾਏਗਾ।

E-Paper

Calendar

Videos