ਰਾਜਪਾਲ ਨੇ ਗਾਂਧੀ ਮਿਊਜ਼ੀਅਮ ਸ਼ਹਿਰ ਵਾਸੀਆਂ ਨੂੰ ਸੌਂਪਿਆ

03

October

2018

ਚੰਡੀਗੜ੍ਹ ਮਹਾਤਮਾ ਗਾਂਧੀ ਦੀ 150 ਵੀਂ ਜੈਅੰਤੀ ’ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ 16 ਸਥਿਤ ਗਾਂਧੀ ਸਮਾਰਕ ਭਵਨ ਵਿੱਚ ਬਣਿਆ ਗਾਂਧੀ ਮਿਊਜ਼ੀਅਮ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਸ੍ਰੀ ਬਦਨੌਰ ਨੇ ਮਿਊਜ਼ੀਅਮ ਦੇ ਨਿਰਮਾਣ ਵਿੱਚ ਚੇਅਰਮੈਨ ਕੇ.ਕੇ. ਸ਼ਾਰਦਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਸੰਗਠਿਤ ਕਰ ਕੇ ਭਾਰਤ ਦੇ ਨਵ ਨਿਰਮਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੀ ਯਾਦ ਵਿਚ ਵੱਖ-ਵੱਖ ਮੌਕਿਆਂ ’ਤੇ ਦੁਨੀਆਂ ਭਰ ਦੇ 160 ਦੇਸ਼ਾਂ ਦੀਆਂ ਟਿਕਟਾਂ ਦਾ ਸੰਗ੍ਰਹਿ ਇਸ ਮਿਊਜ਼ੀਅਮ ਵਿਚ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਗਾਂਧੀ ਦੁਨੀਆਂ ਦੇ ਸ਼ਾਂਤੀ ਦੇ ਦੂਤ ਸਨ। ਉਨ੍ਹਾਂ ਵੱਲੋਂ ਕੀਤੇ ਉਪਰਾਲੇ ਸਦਕਾ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਮਹਾਨ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਨੈਲਸਨ ਮੰਡੇਲਾ, ਗਾਂਧੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਆਪਣੇ ਆਪਣੇ ਦੇਸ਼ਾਂ ਵਿਚ ਸਮਾਨਤਾ ਅਤੇ ਸ਼ਾਂਤੀ ਦੇ ਪ੍ਰਤੀਕ ਬਣੇ। ਇਸ ਮੌਕੇ ਵੀ.ਪੀ. ਸਿੰਘ ਬਦਨੌਰ ਨੇ ਗਾਂਧੀ ਸਮਾਰਕ ਭਵਨ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਮੇਅਰ ਦੇਵੇਸ਼ ਮੋਦਗਿਲ, ਸੱਤਪਾਲ ਜੈਨ, ਚੇਅਰਮੈਨ ਕੇ.ਕੇ. ਸ਼ਾਰਦਾ, ਡਾਇਰੈਕਟਰ ਦੇਵਰਾਜ ਤਿਆਗੀ, ਜੇ.ਐਮ. ਬਾਲਾਮੁਰਗਨ, ਰਾਕੇਸ਼ ਪੋਪਲੀ ਅਤੇ ਕਈ ਆਜ਼ਾਦੀ ਘੁਲਾਟੀਏ ਹਾਜ਼ਰ ਸਨ। ਰਾਜਪਾਲ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਪੁਰਸਕਾਰ ਵੀ ਦਿੱਤੇ।