Arash Info Corporation

ਚੰਡੀਗੜ੍ਹੀਆਂ ਨੂੰ ਆਇਆ ਸੁੱਖ ਦਾ ਸਾਹ

03

October

2018

ਚੰਡੀਗੜ੍ਹ, ਸ਼ਹਿਰ ਵਿੱਚ ਡੋਰ ਟੂ ਡੋਰ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਹੋ ਜਾਣ ਤੋਂ ਬਾਅਦ ਅੱਜ ਮੁੜ ਸ਼ਹਿਰ ਵਿੱਚ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ। ਪਿਛਲੇ 22 ਦਿਨਾਂ ਤੋਂ ਚਲ ਰਹੀ ਹੜਤਾਲ ਦੇ ਸਮਾਪਤ ਹੋਣ ’ਤੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹੜਤਾਲ ਕਾਰਨ ਚੰਡੀਗੜ੍ਹ ਸ਼ਹਿਰ ਵਿੱਚ ਥਾਂ ਥਾਂ ’ਤੇ ਕੁੜੇ ਦੇ ਢੇਰ ਲੱਗ ਗਏ ਸਨ ਅਤੇ ਬਦਬੂ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਜਿਥੇ ਸਫਾਈ ਦੀ ਸਮੱਸਿਆ ਹੱਲ ਹੋਣ ਤੋਂ ਸ਼ਹਿਰ ਵਾਸੀ ਖੁਸ਼ ਹਨ, ਉਥੇ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਵੀ ਨਗਰ ਨਿਗਮ ਨਾਲ ਇਸ ਬਾਰੇ ਹੋਏ ਸਮਝੌਤੇ ਨੂੰ ਲੈ ਕੇ ਖੁਸ਼ੀ ਦੇ ਰੌਂਅ ਵਿੱਚ ਹਨ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਸ਼ਹਿਰ ਵਿੱਚੋਂ ਡੋਰ ਟੂ ਡੋਰ ਕੂੜਾ ਚੁੱਕਣ ਲਈ ਲਾਗੂ ਕੀਤੀ ਜਾ ਰਹੀ ਨਵੀਂ ਪ੍ਰਣਾਲੀ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਖਤਰੇ ਵਿੱਚ ਪੈ ਗਈ ਸੀ। ਭਰਤੀ ਸਬੰਤੀ ਨਿਗਮ ਨਾਲ ਹੋਏ ਸਮਝੌਤੇ ਤੋਂ ਉਨ੍ਹਾਂ ਦਾ ਪੂਰਾ ਸਮਾਜ ਖੁਸ਼ ਹੈ। ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਹੁਣ ਸਰੋਤ ਸਥਲ ਤੋਂ ਹੀ ਸੁੱਕੇ ਤੇ ਗਿੱਲੇ ਕੁੂੜੇ ਨੂੰ ਵੱਖ ਵੱਖ ਇਕੱਠਾ ਕਰਨਗੇ। ਦੂਜੇ ਪਾਸੇ ਸ਼ਹਿਰ ਵਿੱਚ ਕੁੂੜੇ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ ਚਲ ਰਹੀ ਹੜਤਾਲ ਲਈ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਭਾਜਪਾ ਦੀਆਂ ਗਲਤ ਨੀਤੀਆਂ ਨੂੰ ਜ਼ਿਮੇਵਾਰ ਮੰਨਿਆ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਇਹ ਭਾਜਪਾ ਦੀ ਆਦਤ ਹੈ ਕਿ ਪਹਿਲਾਂ ਬਿਨਾਂ ਸੋਚੇ ਸਮਝੇ ਗਲਤ ਫੈਸਲੇ ਲੈਣਾ ਅਤੇ ਮਗਰੋਂ ਉਸ ਨੂੰ ਬਦਲ ਦੇਣਾ। ਅੱਜ ਇਥੇ ਰਾਮ ਦਰਬਾਰ ਵਿੱਚ ਇਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸ੍ਰੀ ਬਾਂਸਲ ਉਥੋਂ ਦੀ ਸਫਾਈ ਵਿਵਸਥਾ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਕੁੂੜੇ ਨੂੰ ਲੈ ਕੇ ਚਲ ਰਹੀ ਸਿਆਸਤ ਭਾਜਪਾ ਅਤੇ ਸਫਾਈ ਠੇਕਦਾਰਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਨਿਗਮ ਨੂੰ ਨਵਾਂ ਪ੍ਰਸਤਾਵ ਲਿਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ, ਫੋਸਵੇਕ ਅਤੇ ਹੋਰ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਹੀ ਇਸ ਮਹੱਤਵਪੂਰਨ ਮੁੱਦੇ ’ਤੇ ਫੈਸਲਾ ਕਰਨਾ ਚਾਹੀਦਾ ਸੀ। । ਦੱਸਣਯੋਗ ਹੈ ਕਿ ਨਿਗਮ ਨੇ ‘ਸਮਾਰਟ ਸਿਟੀ’ ਯੋਜਨਾ ਤਹਿਤ ਸ਼ਹਿਰ ਵਿਚੋਂ ਡੋਰ ਟੂ ਡੋਰ ਕੂੜਾ ਚੁੱਕਣ ਲਈ ਨਵੀਂ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਵਿਰੋਧ ਵਿੱਚ ਸ਼ਹਿਰ ਵਿਚੋਂ ਮੌਜੂਦਾ ਸਮੇਂ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ ਸੀ। ਹਾਲਾਂਕਿ ਨਿਗਮ ਨੇ ਹੜਤਾਲ ਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਕਿਰਾਏ ’ਤੇ ਟਰੈਕਟਰ ਟਰਾਲੀਆਂ ਲੈ ਕੇ ਡੋਰ ਟੂ ਡੋਰ ਕੂੜਾ ਚੁੱਕਣ ਦੇ ਆਰਜ਼ੀ ਪ੍ਰਬੰਧ ਕੀਤੇ ਸਨ, ਪਰ ਨਿਗਮ ਦੇ ਇਹ ਉਪਰਾਲੇ ਸਫ਼ਲ ਨਹੀਂ ਰਹੇ। ਲੰਘੀ ਰਾਤ ਮੇਅਰ ਦਿਵੇਸ਼ ਮੌਦਗਿਲ ਨੇ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਾਰਵਾਈ ਸੀ।