ਲੀਡਰਾਂ ਤੋਂ ਅੱਕੇ ਪੰਜਾਬ ਦੇ ਵੋਟਰ - ਮੁਹੱਲੇ 'ਚ ਲਾਇਆ ਚੇਤਾਵਨੀ ਬੋਰਡ

22

April

2019

ਗੁਰਦਾਸਪੁਰ, 23 ਅਪ੍ਰੈਲ 2019 - ਅਸੀਂ ਸਾਰੇ ਗਲੀ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਦੀਆਂ ਲੋਕ-ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਵੋਟਾਂ ਨਹੀਂ ਪਾਵਾਂਗੇ। ਅਸੀਂ ਆਪਣੇ ਵੋਟ ਦੇ ਅਧਿਕਾਰ ਤੋਂ ਭੱਜ ਨਹੀਂ ਰਹੇ ਅਤੇ ਵੋਟ ਪਾਉਣ ਜ਼ਰੂਰ ਜਾਵਾਂਗੇ ਪਰ ਇਸ ਵਾਰ ਅਸੀਂ ਸਮੂਹ ਗਲੀ ਵਾਸੀ ਨੋਟਾ ਦਾ ਬਟਨ ਦੱਬ ਦੇ ਉਨ੍ਹਾਂ ਸਾਰੇ ਲੀਡਰਾਂ ਦੀਆਂ ਅੱਖਾਂ ‘ਤੇ ਜੰਮਿਆ ਜਾਲਾ ਲਾ ਦੇਣਾ। ਇਹ ਕਹਿਣਾ ਹੈ ਬਟਾਲਾ ਦੇ ਸਿਨੇਮਾ ਰੋਡ ਸਥਿਤ ਗਲੀ ਕਟੜਾ ਆਤਮਾ ਸਿੰਘ ਦੇ ਵਾਸੀਆਂ ਦਾ। ਇਸ ਗਲੀ ਵਿਖੇ ਰਹਿਣ ਵਾਲੇ ਲੋਕਾਂ ਵੱਲੋਂ ਆਪਣੀ ਗਲੀ ਦੀ ਐਂਟਰੀ ਵਿਖੇ ਬਾਕਾਇਦਾ ਉਕਤ ਮਸਲੇ ਸਬੰਧੀ ਇੱਕ ਬੋਰਡ ਲਗਾ ਦਿੱਤਾ ਹੈ। ਜਿਸ ਤੇ ਸਾਫ਼਼ ਸਾਫ ਸ਼ਬਦਾਂ ਵਿੱਚ ਲਿਖਿਆ ਗਿਆ ਹੈ। ਕਿ ਇਸ ਗਲੀ ਵਿੱਚ ਕੋਈ ਵੀ ਲੀਡਰ ਵੋਟਾਂ ਮੰਗਣ ਨਾ ਆਵੇ। ਹਾਲਾਂ ਕਿ ਗਲੀ ਵਾਸੀਆਂ ਨੇ ਜਿੱਦਾਂ ਹੀ ਉਕਤ ਬੋਰਡ ਲਗਾਇਆ ਉਸ ਦੇ ਨਾਲ ਹੀ ਇਹ ਖ਼ਬਰ ਅੱਗ ਵਾਂਗ ਪੂਰੇ ਸ਼ਹਿਰ ਵਿਖੇ ਫੈਲ ਗਈ। ਉਕਤ ਮਸਲੇ ਸਬੰਧੀ ਗਲੀ ਕਟੜਾ ਗਲੀ ਆਤਮਾ ਸਿੰਘ ਦੇ ਵਾਸੀਆਂ ਨਾਲ ਗੱਲਬਾਤ ਕਰਨ ਸਮੇਂ ਇੰਦਰਜੀਤ ਸਿੰਘ, ਅਰੁਣ ਦੀਪ, ਜਸਪਾਲ ਸਿੰਘ, ਅਮਰਿੰਦਰ ਸਿੰਘ ਅਤੇ ਦਿਲਜੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਸੀਵਰੇਜ ਅਤੇ ਸਟਰੀਟ ਲਾਈਟਾਂ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ।ਜਿਸ ਦੇ ਚੱਲਦਿਆਂ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਅਤੇ ਹਨੇਰਾ ਪਸਰਿਆ ਰਹਿੰਦਾ ਹੈ। ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ ‘ਚ ਦੱਸਿਆ ਕਿ ਸਾਰੇ ਗਲੀ ਵਾਸੀ ਆਪਣੇ ਕੌਂਸਲਰ ਤੋਂ ਲੈ ਕੇ ਸੀਵਰੇਜ ਵਿਭਾਗ ਤੱਕ ਆਪਣੀ ਵਸੀ ਪਹੁੰਚਾ ਚੁੱਕੇ ਹਨ। ਪਰ ਕਿਸੇ ਨੇ ਵੀ ਉਨ੍ਹਾਂ ਦੀ ਮੁਸ਼ਕਿਲ ਹੱਲ ਨਹੀਂ ਕੀਤੀ।ਗਲੀ ਵਾਸੀਆਂ ਨੇ ਸਿਆਸੀ ਲੀਡਰਾਂ ਪ੍ਰਤੀ ਆਪਣੇ ਗ਼ੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਗਲੀ ਵਿੱਚ 150 ਦੇ ਕਰੀਬ ਵੋਟਾਂ ਹਨ।ਜਿਸ ਕਾਰਨ ਹਰੇਕ ਚੋਣਾਂ ਦੌਰਾਨ ਹਰੇਕ ਲੀਡਰ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਧਰਵਾਸਾ ਦੇ ਕੇ ਵੋਟਾਂ ਤਾਂ ਲੈ ਜਾਂਦਾ ਹੈ। ਪਰ ਜਿੱਤਣ ਉਪਰੰਤ ਵਾਪਸ ਨਹੀਂ ਪਰਤਦਾ। ਇਸ ਤੋਂ ਤੰਗ ਹੋ ਕੇ ਸਾਰੇ ਗਲੀ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਹੋਣ ਜਾ ਰਹੀਆਂ ਲੋਕ-ਸਭਾ ਵੋਟਾਂ ਦੌਰਾਨ ਕੋਈ ਵੀ ਗਲੀ ਵਾਸੀ ਆਪਣਾ ਕੀਮਤੀ ਵੋਟ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਨੂੰ ਨਹੀਂ ਦੇਵੇਗਾ। ਹਾਲਾਂ ਕਿ ਇਸ ਦੇ ਨਾਲ ਹੀ ਉਕਤ ਲੋਕਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਇਹ ਵੀ ਕਿਹਾ ਕਿ ਉਹ ਆਪਣੇ ਵੋਟ ਦੇ ਅਧਿਕਾਰ ਨੂੰ ਵਿਅਰਥ ਨਹੀਂ ਜਾਣ ਦੇਣਗੇ।ਇਸ ਲਈ ਇਸ ਵਾਰ ਇਹ ਸਾਰੇ ਗਲੀ ਵਾਸੀ ਨੋਟਾ ਦਾ ਬਟਨ ਦਬਾ ਕੇ ਉਨ੍ਹਾਂ ਸਾਰੇ ਸਿਆਸੀ ਲੀਡਰਾਂ ਨੂੰ ਇੱਕ ਵੋਟ ਦੀ ਤਾਕਤ ਦਾ ਇੱਕ ਠੋਸ ਉਦਾਹਰਨ ਦੇਣਾ ਚਾਹੁੰਦੇ ਹਨ।