ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣਗੇ ਚੰਡੀਗੜ੍ਹ ਵਾਸੀ: ਅਵਿਨਾਸ਼ ਸ਼ਰਮਾ

16

April

2019

ਚੰਡੀਗੜ੍ਹ, 16 ਅਪਰੈਲ ‘ਚੰਡੀਗੜ੍ਹ ਦੀ ਆਵਾਜ਼’ ਪਾਰਟੀ ਦੇ ਮੋਢੀ ਤੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਦਾਅਵਾ ਕੀਤਾ ਕਿ ਇਸ ਵਾਰ ਲੋਕ ਸਭਾ ਚੋਣਾਂ ’ਚ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣ ਤੇ ਤੀਸਰੇ ਬਦਲ ਵਜੋਂ ਨਵੇਂ ਚਿਹਰੇ ਦੇ ਤੌਰ ’ਤੇ ਉਨ੍ਹਾਂ (ਅਵਿਨਾਸ਼) ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਸ੍ਰੀ ਸ਼ਰਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ, ਸੰਸਦ ਮੈਂਬਰ ਤੇ ਭਾਜਪਾ ਦੀ ਸੰਭਾਵੀ ਉਮੀਦਵਾਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਇਥੇ ਦਹਾਕਿਆਂ ਤੋਂ ਸੱਤਾ ਦਾ ਲੁਤਫ ਲਿਆ ਹੈ ਪਰ ਹਰ ਵਰਗ ਦੀਆਂ ਮੰਗਾਂ ਤੇ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ। ਜਿਸ ਕਾਰਨ ਉਨ੍ਹਾਂ ਨੂੰ ਹਰ ਵਰਗ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਸਾਫ਼ ਹੈ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਦਾ ਇਨ੍ਹਾਂ ਚੋਣਾਂ ’ਚ ਸਫ਼ਾਇਆ ਕਰਨ ਦਾ ਮਨ ਬਣਾ ਲਿਆ ਹੈ। ਪਿਛਲੇ ਇਕ ਸਾਲ ਤੋਂ ਚੋਣ ਦੀ ਤਿਆਰੀ ਕਰਦੇ ਆ ਰਹੇ ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਉਮੀਦਵਾਰ ਸ੍ਰੀ ਬਾਂਸਲ ਤੇ ਭਾਜਪਾ ਦੇ ਮੈਦਾਨ ’ਚ ਆਉਣ ਵਾਲੇ ਉਮੀਦਵਾਰ ਇਸ ਵਾਰ ਦੂਸਰੇ ਨੰਬਰ ’ਤੇ ਆਉਣ ਦੀ ਲੜਾਈ ਹੀ ਲੜਣਗੇ ਜਦੋਂਕਿ ਸ੍ਰੀ ਧਵਨ ਦਾ ਤਾਂ ਹੁਣ ਕੋਈ ਵਾਜੂਦ ਨਹੀਂ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਰਵਾਇਤੀ ਪਾਰਟੀਆਂ ਤੋਂ ਦੁਖੀ ਲੋਕਾਂ ਨੇ ਇਸ ਵਾਰ ਚੰਡੀਗੜ੍ਹ ਦੀ ਆਵਾਜ਼ ਪਾਰਟੀ ਨੂੰ ਤੀਸਰੇ ਬਦਲ ਵਜੋਂ ਅਪਨਾ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਨੋਟਾ ਦਾ ਬਟਨ ਦੱਬਣ ਲਈ ਮਜਬੂਰ ਸਨ, ਉਹ ਵੀ ਇਸ ਵਾਰ ਉਨ੍ਹਾਂ ਦੇ ਹੱਕ ’ਚ ਭੁਗਤਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੇ ਸੰਸਦ ਮੈਂਬਰ ਸਮੇਂ-ਸਮੇਂ ਲੋਕਾਂ ਨੂੰ ਕਈ ਤਰ੍ਹਾਂ ਦੇ ਜ਼ਖਮ ਦੇ ਕੇ ਫਿਰ ਖੁਦ ਹੀ ਉਨ੍ਹਾਂ ’ਤੇ ਨਮਕ ਪਾਉਣ ਦੀ ਸਿਆਸਤ ਖੇਡ ਰਹੇ ਹਨ। ਉਨ੍ਹਾਂ ਦੋਵਾਂ ਪਾਰਟੀਆਂ ’ਤੇ ਉਂਗਲ ਉਠਾਉਂਦਿਆਂ ਕਿਹਾ ਕਿ ਇਹ ਪਾਰਟੀਆਂ ਹਰ ਵਾਰ ਪਿੰਡਾਂ ਦੇ ਲਾਲ ਡੋਰੇ ਨੂੰ ਵਧਾਉਣ ਦਾ ਗੁੰਮਰਾਹਕੁਨ ਵਾਅਦਾ ਕਰਕੇ ਵੋਟਾਂ ਬਟੋਰਦੀਆਂ ਰਹੀਆਂ ਹਨ ਜਦੋਂਕਿ ਇਨ੍ਹਾਂ ਨੂੰ ਪਤਾ ਹੈ ਕਿ ਲਾਲ ਡੋਰਾ ਨਾ ਤਾਂ ਘਟਣਾ ਹੈ ਤੇ ਨਾ ਹੀ ਵਧਣਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ’ਤੇ ਮੜ੍ਹਿਆ ਨਿਊ ਪੰਜਾਬ ਪੈਰਾਫੇਰੀ ਐਕਟ-1952 ਹਟਾਉਣ ਦੀ ਕਦੇ ਵੀ ਇਨ੍ਹਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਗੱਲ ਨਹੀਂ ਕੀਤੀ ਜਦੋਂਕਿ ਲਾਲ ਡੋਰੇ ਤੋਂ ਬਾਹਰ ਮਕਾਨ ਬਣਾਉਣ ’ਚ ਮੁੱਖ ਅੜਿਕਾ ਇਹ ਐਕਟ ਹੈ। ਬਿਹਾਰ ਪਿਛੋਕੜ ਵਾਲੇ ਸ੍ਰੀ ਸ਼ਰਮਾ ਦਾ ਕੰਮਕਾਜ ਰੋਪੜ ’ਚ ਹੈ ਤੇ ਉਹ ਸਿਆਸੀ ਤੌਰ ’ਤੇ ਚੰਡੀਗੜ੍ਹ ’ਚ ਸਰਗਰਮ ਹਨ। ਉਨ੍ਹਾਂ ਕਈ ਵਾਰ ਪਿੰਡਾਂ ਦੇ ਲੋਕਾਂ, ਹਾਊਸਸਿੰਗ ਬੋਰਡ ਦੇ ਫਲੈਟਾਂ ਦੇ ਵਸਨੀਕਾਂ, ਅਵਾਰਾ ਕੱਤਿਆਂ ਦੀ ਸਮੱਸਿਆ, ਘਰ-ਘਰ ਤੋਂ ਕੁੂੜਾ ਚੁੱਕਣ ਵਾਲੇ ਵਰਕਰਾਂ ਤੇ ਪ੍ਰਸ਼ਾਸਨ ਤੇ ਨਿਗਮ ’ਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਜਿਥੇ ਵੱਡੇ ਅੰਦੋਲਨ ਚਲਾਏ ਹਨ ਉਥੇ ਲੰਮੀ ਕਾਨੂੰਨੀ ਲੜਾਈ ਲੜ ਕੇ ਕਈ ਪ੍ਰਾਪਤੀਆਂ ਵੀ ਕੀਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਦਹਾਕਿਆਂ ਤੋਂ ਹਾਊਸਿੰਗ ਬੋਰਡ ਦੇ 50 ਹਜ਼ਾਰ ਤੋਂ ਵੱਧ ਫਲੈਟਾਂ ’ਚ ਕੀਤੀਆਂ ਲੋੜ ਅਨੁਸਾਰ ਉਸਾਰੀਆਂ ਨੂੰ ਰੈਗੂਲਰ ਕਰਨ ਲਈ ਕੱਖ ਨਹੀਂ ਕੀਤਾ ਤੇ ਹਰ ਚੋਣ ਦੌਰਾਨ ਲੋਕਾਂ ਦੀਆਂ ਝੋਲੀਆਂ ’ਚ ਕੇਵਲ ਝੂਠੇ ਵਾਅਦੇ ਹੀ ਪਾਏ ਹਨ। ਉਨ੍ਹਾਂ ਨੇ ਕਾਨੂੰਨੀ ਲੜਾਈ ਲੜ ਕੇ ਇਨ੍ਹਾਂ ਫਲੈਟਾਂ ’ਚ ਰਹਿੰਦੇ ਪਰਿਵਾਰਾਂ ਨੂੰ ਭਾਰੀ ਰਾਹਤ ਦਿਵਾਈ ਹੈ। ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਗਾਰਬੇਜ ਟੈਕਸ ਤੋਂ ਵੀ ਬਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪ੍ਰਾਪਰਟੀ ਨੂੰ ਲੀਜ ਹੋਲਡ ਤੋਂ ਫਰੀ ਹੋਲਡ ਕਰਵਾਉਣ ’ਚ ਵੀ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਮੁੜ ਵਸੇਬਾ ਕਲੋਨੀਆਂ ਵਿਚਲੇ ਛੋਟੇ ਮਕਾਨਾਂ ਦੇ ਗਰੀਬ ਪਰਿਵਾਰਾਂ ਕੋਲੋਂ ਗੈਰ-ਕਾਨੂੰਨੀ ਢੰਗ ਨਾਲ ਕਿਰਾਇਆ ਵਸੂਲਣ ਦਾ ਮੁੱਦਾ ਵੱਡੇ ਪੱਧਰ ’ਤੇ ਉਠਾਇਆ ਹੈ ਤੇ ਲੋਕਾਂ ਨੂੰ ਮਾਲਕਾਨਾ ਹੱਕ ਦਿਵਾਉਣ ਲਈ ਕਾਨੂੰਨੀ ਲੜਾਈ ਵੀ ਵਿੱਢੀ ਹੈ।