ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਮੁਜ਼ਾਹਰਾ

16

April

2019

ਚੰਡੀਗੜ੍ਰ, 16 ਅਪਰੈਲ ਵਿਦਿਆਰਥੀ ਕੌਂਸਲ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਪੰਜਾਬ ਯੂਨੀਵਰਸਿਟੀ ’ਚ ਉਪ ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਵੱਲੋਂ ਵੀਰਵਾਰ ਨੂੰ ਮੰਗਾਂ ਸਬੰਧੀ ਮੀਟਿੰਗ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਕੌਂਸਲ ਦੇ ਮੀਤ ਪ੍ਰਧਾਨ ਦਲੇਰ ਸਿੰਘ ਦੀ ਅਗਵਾਈ ’ਚ ਕੀਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਬਕਾ ਜੁਆਇੰਟ ਸੈਕਟਰੀ ਤੇ ਵਿਦਿਆਰਥੀ ਜਥੇਬੰਦੀ ਆਈ.ਐਸ.ਏ ਦੇ ਆਗੂ ਕਰਣ ਰੰਧਾਵਾ ਵੱਲੋਂ ਕੀਤੀਆਂ ਮੰਗਾਂ ਪਿਛਲੇ ਸਮੇਂ ਦੌਰਾਨ ਮੰਨ ਲਈਆਂ ਗਈਆਂ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਕੌਂਸਲ ਆਗੂ ਦਲੇਰ ਸਿੰਘ, ਸਨਮਪ੍ਰੀਤ ਸਿੰਘ, ਜਤਿਨ, ਸਹਿਜ, ਬਲਸ਼ਰਨ ਸਿੰਘ ਆਦਿ ਨੇ ਦੱਸਿਆ ਕਿ ਕੈਂਪਸ ਵਿੱਚ ਈ-ਨੋਟਿਸ ਬੋਰਡ ਲਗਾਉਣ, ਬਾਈ ਸਾਈਕਲ ਖਰੀਦਣ, ਸੈਕਟਰ-25 ਵਿਚਲੇ ਕੈਂਪਸ ਵਿੰਚ ਬੀ.ਡੀ.ਐਸ. ਵਿਭਾਗ ਵਿੱਚ ਕੰਟੀਨ ਖੋਲ੍ਹਣ, ਹੋਸਟਲਾਂ ਵਿੱਚ ਵਾਸ਼ਿੰਗ ਮਸ਼ੀਨਾਂ ਲਗਾਉਣ, ਆਨਲਾਈਨ ਫੀਡਬੈਕ ਸਿਸਟਮ ਆਦਿ ਮੰਗਾਂ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਮੰਨ ਲਈਆਂ ਗਈਆਂ ਸਨ। ਪਰ ਅਜੇ ਤੱਕ ਇਨ੍ਹਾਂ ਵਿਚੋਂ ਸਿਰਫ਼ ਹੋਸਟਲਾਂ ਵਿਚ ਵਾਸ਼ਿੰਗ ਮਸ਼ੀਨਾਂ ਹੀ ਲਗਾਈਆਂ ਗਈਆਂ ਹਨ, ਜਦੋਂਕਿ ਬਾਕੀ ਮੰਗਾਂ ’ਤੇ ਅਜੇ ਤੱਕ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।