Arash Info Corporation

ਭਾਈ ਘਨ੍ਹੱਈਆ ਦੇ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

02

October

2018

ਨਵੀਂ ਦਿੱਲੀ, ਸਿੱਖਾਂ ਨੇ ਹਮੇਸ਼ਾ ਧਰਮ ਨੂੰ ਸੇਵਾ ਦੇ ਸੰਕਲਪ ਨਾਲ ਜੋੜ ਕੇ ਕਾਰਜ ਕੀਤਾ ਹੈ ਅਤੇ ਹਮੇਸ਼ਾ ਬਿਨਾ ਸਰਕਾਰੀ ਮਦਦ ਦੇ ਆਪਣੇ ਧਰਮ ਦੀ ਚੜ੍ਹਦੀਕਲਾ ਕਾਇਮ ਕਰਵਾਈ ਹੈ। ਪਰ ਦੂਜੇ ਪਾਸੇ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਹਮੇਸ਼ਾ ਸਰਕਾਰੀ ਮਦਦ ਦੇ ਸਹਾਰੇ ਧਰਮ ਦੀ ਓਟ ’ਚ ਕਾਰਜ ਕਰਕੇ ਲੋਕਾਂ ਨੂੰ ਧਰਮ ਬਦਲਣ ਲਈ ਮੋਟੇ ਲਾਲਚ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਧਰਮ ਬਦਲਣ ਬਾਰੇ ਉਕਤ ਸਖਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭਾਈ ਘਨ੍ਹੱਈਆ ਜੀ ਦੇ 300 ਸਾਲਾਂ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਕੀਤਾ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੇਨ ਪਰਮਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇ। ਸੇਵਾਪੰਥੀ ਗੁਰਦੁਆਰਾ ਟਿਕਾਣਾ ਸਾਹਿਬ ਦੇ ਮਹੰਤ ਅੰਮ੍ਰਿਤਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਭਾਈ ਘਨ੍ਹੱਈਆ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਜਥੇਦਾਰ ਨੇ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਸਿੱਖ ਧਰਮ ’ਚ ਮੌਜੂਦ ਬਿਨਾਂ ਕਿਸੇ ਵਿੱਤਕਰੇ ਦੇ ਸਭ ਦੀ ਸੇਵਾ ਕਰਨ ਦੇ ਸਿੰਧਾਂਤ ਬਾਰੇ ਆਪਣੇ ਵਿਚਾਰ ਰੱਖੇ। ਜੀ ਕੇ ਨੇ ਕਿਹਾ ਕਿ ਦਸ਼ਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਅਸ਼ੀਰਵਾਦ ਦੇ ਕੇ ਭਾਈ ਘਨ੍ਹਈਆ ਜੀ ਨੂੰ ਸੇਵਾ ਦੀ ਜੋ ਦਾਤ ਬਖ਼ਸੀ ਸੀ, ਉਹੀ ਸਿਧਾਂਤ ਅੱਜ ਰੈੱਡ ਕਰਾਸ ਵਰਗੀਆਂ ਜਥੇਬੰਦੀਆਂ ਦੀ ਹੋਂਦ ਦਾ ਕਾਰਨ ਬਣਿਆ ਹੈ। ਇਸ ਮੌਕੇ ਮਹੰਤ ਮਹਿੰਦਰ ਸਿੰਘ ਡੇਰਾ ਮੋਹਨਪੁਰ ਪਹਾੜਗੰਜ ਸਣੇ ਸਮੂਹ ਸੇਵਾਪੰਥੀ ਸੰਪ੍ਰਦਾਵਾਂ ਦੇ ਮੁਖੀ ਮੌਜੂਦ ਸਨ।