ਪੰਜਾਬ ਸਰਕਾਰ ਅਫ਼ੀਮ ਦੀ ਖੇਤੀ ਵੱਲ ਧਿਆਨ ਦੇਵੇ: ਡਾ. ਗਾਂਧੀ

02

October

2018

ਪਟਿਆਲਾ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਫ਼ੀਮ ਤੇ ਭੁੱਕੀ ਖੋਲ੍ਹਣ ਤੇ ਖ਼ਸਖ਼ਸ ਦੀ ਖੇਤੀ ਬਾਰੇ ਲਏ ਸਟੈਂਡ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੰਯੁਕਤ ਰਾਸ਼ਟਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਜੰਗ ਦੇ ਨਾਕਾਮਯਾਬ ਤਜਰਬੇ ਤੇ ਹਾਲੀਆ ਕਈ ਦੇਸ਼ਾਂ ਵੱਲੋਂ ਜਿਨ੍ਹਾਂ ਵਿੱਚ ਕੈਨੇਡਾ ਤੇ ਅਮਰੀਕਾ ਸ਼ਾਮਲ ਹਨ, ਭੰਗ ਖੋਲ੍ਹਣ ਦੇ ਤਰਕ ਭਰਪੂਰ ਕਦਮਾਂ ਦੇ ਆਧਾਰ ’ਤੇ ਇੱਕ ਮਜ਼ਬੂਤ ਕੇਸ ਤਿਆਰ ਕਰੇ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਕਰਨ ਵਾਸਤੇ ਪੇਸ਼ ਕਰੇ ਤਾਂ ਕਿ ਮਾਫ਼ੀਆ ਤੇ ਨਸ਼ਿਆਂ ਨੂੰ ਹਰਾਇਆ ਜਾ ਸਕੇ। ਡਾ. ਗਾਂਧੀ ਨੇ ਹਾਲੀਆ ’ਚ ਕਿਸਾਨਾਂ ਵੱਲੋਂ ਖ਼ਸਖ਼ਸ ਦੇ ਬੀਜ ਖਿਲਾਰੇ ਜਾਣ ਨੂੰ ਇੱਕ ਰੋਸ ਤੇ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਸੰਕੇਤਕ ਰੋਸ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਨਸ਼ੇ ਦੇ ਆਦੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਇਸ ਪਾਸੇ ਅੱਖਾਂ ਮੀਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਇਨ੍ਹਾਂ ਬਿਮਾਰੀਆਂ ਦੇ ਇਲਾਜ ਦੀ ਤਲਾਸ਼ ’ਚ ਹਨ। ਉਨ੍ਹਾਂ ਸਰਕਾਰ ਦੀਆਂ ਨਸ਼ਾ ਛੁਡਾਊ ਕੋਸ਼ਿਸ਼ਾਂ ਦੀ ਅਸਫਲਤਾ ਵੱਲ ਇਸ਼ਾਰਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਸਮੱਸਿਆ ਪ੍ਰਤੀ ‘ਪੁਲੀਸ ਆਧਾਰਤ’ ਪਹੁੰਚ ਨੂੰ ਮੁੜ ਵਿਚਾਰਨ। ਪੰਜਾਬ ਲਈ ਸਹੀ ਨਹੀਂ ਅਫ਼ੀਮ ਦੀ ਖੇਤੀ: ਉੱਖਲਾ ਆਮ ਆਦਮੀ ਪਾਰਟੀ ਦਾ ਪੁਰਾਣਾ ਵਾਲੰਟੀਅਰ, ਲੇਖਕ, ਸਾਬਕਾ ਪੱਤਰਕਾਰ ਤੇ ਐਨਆਰਆਈ ਸਰਬਜੀਤ ਸਿੰਘ ਉੱਖਲਾ ਨੇ ਅੱਜ ਬਿਆਨ ਜਾਰੀ ਕਰਦਿਆਂ ਡਾ. ਧਰਮਵੀਰ ਗਾਂਧੀ ਦੀਆਂ ਅਫ਼ੀਮ ਦੀ ਖੇਤੀ ਪ੍ਰਤੀ ਦਲੀਲਾਂ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਪੰਜਾਬ ’ਚ ਪਹਿਲਾਂ ਹੀ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਜੇ ਅਫ਼ੀਮ ਦੀ ਖੇਤੀ ਕੀਤੀ ਜਾਣ ਲੱਗੀ ਤਾਂ ਲੋਕ ਨਸ਼ਿਆਂ ਤੇ ਆਦੀ ਹੋ ਜਾਣਗੇ। ਇੱਥੇ ਥਾਂ ਥਾਂ ਗਾਜਰ ਬੁੱਟੀ ਵਾਂਗ ਅਫ਼ੀਮ ਦੇ ਬੂਟੇ ਜੰਮ ਜਾਣਗੇ। ਉਨ੍ਹਾਂ ਡਾ. ਗਾਂਧੀ ’ਤੇ ਦੋਸ਼ ਲਾਇਆ ਕਿ ਜਾਂ ਤਾਂ ਡਾ. ਗਾਂਧੀ ਇਸ ਬਾਰੇ ਜਾਣੂ ਨਹੀਂ ਜਾਂ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹਨ।