ਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ

18

March

2019

ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸ਼ਹਿਰ ਵਿਚ ਦਸਤਕ ਦਿੱਤੀ। ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਹਨ। ਇਸੇ ਦੌਰਾਨ ਬੀਬੀ ਸਿੱਧੂ ਅਤੇ ਸ੍ਰੀ ਤਿਵਾੜੀ ਵੀ ਇਥੋਂ ਚੋਣ ਲੜਣ ਲਈ ਯਤਨਸ਼ੀਲ ਹਨ। ਬੀਬੀ ਸਿੱਧੂ ਨੇ ਅੱਜ ਹੀ ਸ਼ਹਿਰ ਵਿਚ ਪੰਜ ਥਾਵਾਂ ’ਤੇ ਪ੍ਰੋਗਰਾਮ ਕਰਕੇ ਖੁਦ ਨੂੰ ਕਾਂਗਰਸ ਦੀ ਉਮੀਦਵਾਰ ਵਜੋਂ ਪੇਸ਼ ਕੀਤਾ। ਵੇਰਵਿਆਂ ਅਨੁਸਾਰ ਉਨ੍ਹਾਂ ਨੇ ਸੈਕਟਰ-38 ਦੇ ਵਾਲਮੀਕੀ ਮੰਦਿਰ ਦੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਹ ਮਨੀਮਾਜਰਾ ਗਏ ਅਤੇ ਲੋਕਾਂ ਨਾਲ ਰੁਬਰੂ ਹੋਏ। ਇਸ ਮਗਰੋਂ ਉਹ ਪਿੰਡ ਦੜੀਆ ਪਹੁੰਚੀ ਅਤੇ ਸਮਰਥਕਾਂ ਨਾਲ ਸਾਂਝ ਪਾਈ। ਇਸ ਤੋਂ ਬਾਅਦ ਉਹ ਸੈਕਟਰ 24-ਸੀ ਪੁੱਜੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਸੈਕਟਰ-52 ਦੇ ਕ੍ਰਿਸ਼ਨਾ ਮੰਦਿਰ ਵਿਚ ਵੀ ਗਈ। ਇਸ ਮੌਕੇ ਉਨ੍ਹਾਂ ਸੰਸਦ ਮੈਂਬਰ ਕਿਰਨ ਖੇਰ ਦੀ ਕਾਰਗੁਜ਼ਾਰੀ ਉਪਰ ਸਵਾਲ ਉੁਠਾਏ। ਸੈਕਟਰ-29 ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਹੋਏ ਮਨੀਸ਼ ਤਿਵਾਡ਼ੀ। -ਫੋਟੋ: ਪੰਜਾਬੀ ਟ੍ਰਿਬਿੳੂਨ ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਵੀ ਅੱਜ ਇਥੇ ਸਰਗਰਮ ਦਿਖੇ। ਉਨ੍ਹਾਂ ਨੇ ਸੈਕਟਰ 29-ਬੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹਿਰ ਦੀਆਂ ਸਮੱਸਿਅਵਾਂ ਬਾਰੇ ਚਰਚਾ ਕੀਤੀ। ਦੱਸਣਯੋਗ ਹੈ ਕਿ ਸ੍ਰੀ ਤਿਵਾੜੀ 2014 ਦੀ ਚੋਣ ਵੇਲੇ ਵੀ ਆਪਣੇ ਆਪ ਨੂੰ ਚੰਡੀਗੜ੍ਹ ਦਾ ਜੰਮਪਲ ਦੱਸ ਕੇ ਟਿਕਟ ਮੰਗ ਚੁੱਕੇ ਹਨ। ਉਨ੍ਹਾਂ ਵੱਲੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਵੀ ਚੋਣ ਲੜਣ ਦੀ ਆਸ ਹੈ। ਕਾਂਗਰਸੀ ਵਰਕਰਾਂ ਨੇ ਸੜਕਾਂ ਦੇ ਖੱਡਿਆਂ ਨੂੰ ਕੀਤਾ ਉਜਾਗਰ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਅੱਜ ਟਰਾਂਸਪੋਰਟ ਚੌਕ ਸੈਕਟਰ-26 ਨੇੜੇ ਸੜਕ ’ਤੇ ਪਏ ਖੱਡਿਆਂ ਦੇ ਇਰਦ-ਗਿਰਦ ਚੂਨੇ ਦੇ ਨਿਸ਼ਾਨ ਲਗਾ ਕੇ ਸੜਕਾਂ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ। ਇਸ ਮੌਕੇ ਕਾਂਗਰਸ ਦੇ ਸ਼ੋਸਲ ਮੀਡੀਆ ਸੈੱਲ ਦੇ ਚੇਅਰਮੈਨ ਯਾਦਵਿੰਦਰ ਮਹਿਤਾ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਸੀ ਕਿ ਉਹ ਤਾਂ ਕਾਂਗਰਸ ਦੇ ਪਾਏ ਖੱਡਿਆਂ ਨੂੰ ਹੀ ਹਾਲੇ ਭਰ ਰਹੇ ਹਨ। ਇਸ ਦੇ ਜਵਾਬ ਵਿਚ ਉਨ੍ਹਾਂ ਭਾਜਪਾ ਦੇ 5 ਸਾਲਾਂ ਦੇ ਰਾਜ ਦੌਰਾਨ ਪਏ ਖੱਡਿਆਂ ਨੂੰ ਉਜਾਗਰ ਕੀਤਾ। ਮੈਂ ਵੀ ਚੌਕੀਦਾਰ ਹਾਂ: ਕਿਰਨ ਖੇਰ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਆਪਣੀ ਵੀਡੀਓ ਜਾਰੀ ਕੀਤੀ ਜਿਸ ਵਿਚ ਉਨ੍ਹਾਂ ਕਿਹਾ: ‘ਰੋਮ ਰੋਮ ਕੋਮਲ ਹੈ, ਮੈਂ ਮਾਂ ਹੂੰ, ਭੈਣ ਹੂੰ, ਪਿਆਰ ਹੂੰ ਪਰ ਰਾਕਸ਼ਸੋਂ ਕੇ ਵਧ ਕੇ ਲਿਏ ਮੈਂ ਸ਼ੇਰ ਪੇ ਸਵਾਰ ਹੂੰ, ਹਾਂ ਮੈਂ ਭੀ ਚੌਕੀਦਾਰ ਹੂੰ।’