Arash Info Corporation

ਚੰਡੀਗੜ੍ਹ ਨੂੰ ਅਪਰਾਧ ਮੁਕਤ ਬਣਾਉਣ ਲਈ ਰਣਨੀਤੀ ਤਿਆਰ

13

March

2019

ਚੰਡੀਗੜ੍ਹ, ਚੰਡੀਗੜ੍ਹ ਵਿਚ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਲਈ ਨਵੇਂ ਸਿਰਿਓਂ ਰਣਨੀਤੀ ਘੜੀ ਗਈ ਹੈ। ਐੱਸਐੱਸੀਪੀ ਨੀਲਾਂਬਰੀ ਜਗਦਲੇ ਵਿਜੈ ਨੇ ਪੁਲੀਸ ਦੀ ਰਣਨੀਤੀ ਵਿਚ ਤਬਦੀਲੀਆਂ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੀ ਵੀ ਪੁਲੀਸ ਡਵੀਜ਼ਨ ਵਿਚ ਕੋਈ ਅਪਰਾਧ ਹੋਵੇਗਾ ਤਾਂ ਉਸ ਖੇਤਰ ਵਿਚ ਪੈਂਦੇ ਸਮੂਹ ਥਾਣਿਆਂ ਦੇ ਐੱਸਐਚਓਜ਼ ਬਿਨਾਂ ਕਾਲ ਕੀਤੇ ਹੰਗਾਮੀ ਹਾਲਤ ਵਿਚ ਘਟਨਾ ਸਥਾਨ ’ਤੇ ਪੁੱਜਣਗੇ। ਦੱਸਣਯੋਗ ਹੈ ਕਿ ਵੱਡੀ ਅਪਰਾਧਿਕ ਘਟਨਾ ਵਾਪਰਨ ’ਤੇ ਐੱਸਐੱਸਪੀ ਖੁਦ ਮੌਕੇ ’ਤੇ ਪੁੱਜ ਕੇ ਪੜਤਾਲ ਕਰਦੀ ਹੈ। ਇਥੇ ਸੈਕਟਰ-52 ਤੇ 53 ਦੇ ਕਜਹੇੜੀ ਚੌਕ ਨੇੜੇ 9 ਮਾਰਚ ਦੀ ਰਾਤ ਨੂੰ ਸੈਕਟਰ-22 ਦੀ ਮਨੀ ਐਕਸਚੇਂਜ ਕੰਪਨੀ ਦੇ ਖਜ਼ਾਨਚੀ ਨਰੇਸ਼ ਕੁਮਾਰ ਨੂੰ ਗੋਲੀ ਮਾਰਕੇ 5 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਲੁੱਟਣ ਦੀ ਵਾਪਰੀ ਘਟਨਾ ਮੌਕੇ ਵੀ ਉਹ ਮੌਕੇ ’ਤੇ ਪੁੱਜੀ ਸੀ। ਉਨ੍ਹਾਂ ਕਿਹਾ ਕਿ ਨਰੇਸ਼ ਕੁਮਾਰ ਕੋਲੋਂ 5 ਲੱਖ ਰੁਪਏ ਖੋਹਣ ਦੇ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ। ਪੁਲੀਸ ਸੂਤਰਾਂ ਅਨੁਸਾਰ ਖਜ਼ਾਨਚੀ ਨੂੰ ਲੁੱਟਣ ਵਾਲੇ ਪੇਸ਼ੇਵਰ ਅਪਰਾਧੀ ਜਾਪਦੇ ਹਨ। ਲੁਟੇਰਿਆਂ ਨੇ ਪਹਿਲਾਂ ਆਪਣਾ ਮੋਟਰਸਾਈਕਲ ਖਜ਼ਾਨਚੀ ਨਰੇਸ਼ ਕੁਮਾਰ ਦੇ ਸਕੂਟਰ ਨੇੜੇ ਲਿਆਂਦਾ ਅਤੇ ਉਸ ਨੂੰ ਗੱਲਾਂ ਵਿਚ ਲਾਉਣ ਲਈ ਟ੍ਰਿਬਿਊਨ ਚੌਕ ਦਾ ਰਸਤਾ ਪੁੱਛਿਆ। ਜਦੋਂ ਖਜ਼ਾਨਚੀ ਨੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣਾ ਸਕੂਟਰ ਹੌਲੀ ਕਰ ਲਿਆ ਹੈ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਲੁਟੇਰੇ ਨੇ ਖਜ਼ਾਨਚੀ ਦੀ ਪਿੱਠ ਪਿੱਛੇ ਲਟਕਾਏ ਬੈਗ ਨੂੰ ਹੱਥ ਪਾ ਕੇ ਖਿੱਚਿਆ ਤਾਂ ਨਰੇਸ਼ ਕੁਮਾਰ ਨੇ ਇਸ ਦਾ ਵਿਰੋਧ ਕੀਤਾ। ਲੁਟੇਰੇ ਨੇ ਉਸ ਦੀਆਂ ਲੱਤਾਂ ’ਤੇ ਗੋਲੀਆਂ ਮਾਰੀਆਂ ਅਤੇ ਇਕ ਗੋਲੀ ਉਸ ਦੇ ਪੱਟ ਵਿਚ ਲੱਗੀ ਜੋ ਆਰ-ਪਾਰ ਹੋ ਕੇ ਦੂਸਰੀ ਲੱਤ ਦੇ ਪੱਟ ਨੂੰ ਛੂਹ ਗਈ। ਜਦੋਂ ਖਜ਼ਾਨਚੀ ਸੜਕ ’ਤੇ ਡਿੱਗ ਪਿਆ ਤਾਂ ਅਪਰਾਧੀਆਂ ਨੇ ਕੇਵਲ ਕਰੰਸੀ ਵਾਲੇ ਬੈਗ ਨੂੰ ਹੀ ਹੱਥ ਪਾਇਆ।