ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਖ਼ਿਲਾਫ਼ ਪੋਸਟਰ ਚਿਪਕਾਏ

12

March

2019

ਪਟਿਆਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’ ਦੇ ਪੋਸਟਰ ਲਗਾਏ ਗਏ। ਦੱਸਣਯੋਗ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਬਹਾਦਰਗੜ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਨੌਕਰੀ ਦੀ ਮੰਗ ’ਤੇ ‘ਟੈਂਕੀ ਅੰਦੋਲਨ’ ਵਿੱਢਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਗੌਰ ਨਾ ਕੀਤੇ ਜਾਣ ਕਾਰਨ ਉਨ੍ਹਾਂ ਦਾ ਰੋਸ ਵਧਦਾ ਜਾ ਰਿਹਾ ਹੈ। ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਚਿਪਕਾਏ ਗਏ ਪੋਸਟਰਾਂ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਬੇਰੁਜ਼ਗਾਰਾਂ ਨਾਲ ਵਾਅਦਾਖ਼ਿਲਾਫ਼ੀ ਦੇ ਦੋਸ਼ ਮੜਦਿਆਂ ਮਿਹਣੇ ਵੀ ਦਿੱਤੇ ਗਏ ਹਨ। ਪੋਸਟਰਾਂ ’ਤੇ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਵੇਲੇ ਕੀਤੇ ਵਾਅਦੇ ਵਿਸਥਾਰ ’ਚ ਯਾਦ ਕਰਵਾਏ ਗਏ ਹਨ। ਘਰ-ਘਰ ਨੌਕਰੀ ਦਾ ਵਾਅਦਾ, ਬੇਰੁਜ਼ਗਾਰੀ ਭੱਤਾ 2500 ਰੁਪਏ ਕਰਨ, ਫਰੀ ਸਮਾਰਟ ਫੋਨ, ਬਿਜਲੀ ਸਸਤੀ ਕਰਨ ਤੇ ਸਾਰੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਆਦਿ ਚੋਣ ਵਾਅਦੇ ਅੰਕਿਤ ਕਰਕੇ ਸਵਾਲੀਆ ਚਿੰਨ੍ਹਾਂ ’ਚ ਇਨ੍ਹਾਂ ਦੇ ਲਾਗੂ ਹੋਣ ਬਾਰੇ ਪੁੱਛਿਆ ਗਿਆ ਹੈ। ਇਸ ਵਿਚ ਸਵਾਲ ਵੀ ਕੀਤਾ ਗਿਆ ਹੈ ਕਿ ਜੇ ਖਜ਼ਾਨਾ ਖਾਲੀ ਹੈ ਤਾਂ ਫਿਰ ਸਰਕਾਰੀ ਪੁਰਾਣੀਆਂ ਗੱਡੀਆਂ ਨੂੰ ਛੱਡ ਕੇ ਨਵੀਆਂ ਗੱਡੀਆਂ ਲੈਣ ਦੀ ਕੀ ਜ਼ਰੂਰਤ ਸੀ। ਯੂਨੀਅਨ ਦੇ ਸੂਬਾ ਆਗੂ ਜੀਵਨ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਅੱਜ 10 ਹਜ਼ਾਰ ਤੋਂ ਉਪਰ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਜਿਸ ਕਾਰਨ ਦਿਨ ਬ ਦਿਨ ਵਿਦਿਆ ਦਾ ਮਿਆਰ ਡਿੱਗ ਰਿਹਾ ਹੈ ਤੇ ਗਰੀਬ ਬੱਚੇ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਚੋਣ ਵਾਅਦਿਆਂ ਤੋਂ ਪਾਸਾ ਫੇਰਨ ਤੋਂ ਬਾਅਦ ਹੀ ਜਥੇਬੰਦੀ ਨੇ ਮੁੱਖ ਮੰਤਰੀ ਦੇ ਸ਼ਹਿਰ ’ਚ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੇ ਅੱਜ ਸ਼ਹਿਰ ’ਚ ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’ ਸਿਰਲੇਖ ਹੇਠ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਚੰਡੀਗੜ੍ਹ ’ਚ ਸਿੱਖਿਆ ਮੰਤਰੀ ਨਾਲ ਯੂਨੀਅਨ ਦੀ ਪੈਨਲ ਬੈਠਕ ਤੈਅ ਹੈ, ਜੇਕਰ ਸਰਕਾਰ ਨੇ ਜਥੇਬੰਦੀ ਦੀ ਟੈਟ ਪਾਸ ਅਧਿਆਪਕਾਂ ਦੀ ਭਰਤੀ ਖੋਲ੍ਹਣ ਦੀ ਮੰਗ ਨਾ ਪ੍ਰਵਾਨ ਕੀਤੀ ਤਾਂ ਮੁੱਖ ਮੰਤਰੀ ਖ਼ਿਲਾਫ਼ ਪਿੰਡਾਂ ’ਚ ਵੀ ਇਸ਼ਤਿਹਾਰ ਲਗਾਏ ਜਾਣਗੇ। ਇਨ੍ਹਾਂ ਪੋਸਟਰਾਂ ਦੇ ਹੇਠਾਂ ‘ਨੋ ਜੌਬ ਨੋ ਵੋਟ’ ਵੀ ਅੰਕਿਤ ਕਰਕੇ ਲੋਕਾਂ ਨੂੰ ਕਾਂਗਰਸ ਸਰਕਾਰ ਦੇ ਪਿਛਲੇ ਚੋਣ ਵਾਅਦੇ ਯਾਦ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਉਧਰ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪੰਜ ਕਾਰਕੁਨਾਂ ਦਾ ਧਰਨਾ ਜਿਥੇ ਜਾਰੀ ਰਿਹਾ ਉਥੇ ਦੂਜੇ ਪਾਸੇ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਖਿਲਾਫ਼ ਲਿਖੇ ਇਸ਼ਤਿਹਾਰਾਂ ਨੂੰ ਸ਼ਹਿਰ ਦੀਆਂ ਕੰਧਾਂ ’ਤੇ ਚਿਪਕਾਉਣ ’ਚ ਮਸਰੂਫ਼ ਰਹੇ।