ਪਾਣੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

12

March

2019

ਕੁਰਾਲੀ, ਪਿੰਡ ਖਿਜ਼ਰਾਬਾਦ ਦੇ ਵਸਨੀਕਾਂ ਨੇ ਪਾਣੀ ਦੇ ਬਿਲਾਂ ਦੀ ਅਦਾਇਗੀ ਨਾ ਕਰਨ ਵਾਲੇ ਪਿੰਡ ਵਾਸੀਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਭ ਨੂੰ ਪਾਣੀ ਦੇ ਬਿਲਾਂ ਦੀ ਅਦਾਇਗੀ ਕਰਨ ਲਈ ਕਿਹਾ ਹੈ। ਨਿਸ਼ਕਾਮ ਸੇਵਾ ਦਲ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਪਿੰਡ ਵਾਸੀਆਂ ਨੇ ਪਿੰਡ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਨੂੰ ਬਿਲਾਂ ਦੀ ਵਸੂਲੀ ਲਈ ਕਾਰਵਾਈ ਕਰਨ ਲਈ 31 ਮਾਰਚ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ। ਪਿੰਡ ਵਾਸੀਆਂ ਦੀ ਮੀਟਿੰਗ ’ਚ ਗੁਰਮੀਤ ਸਿੰਘ, ਤਜਿੰਦਰ ਸਿੰਘ, ਮੁਮਤਾਜ ਅਲੀ, ਦਰਸ਼ਨ ਸਿੰਘ, ਸ਼ੇਰ ਖਾਂ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸਰਕਾਰ ਵੱਲੋਂ ਜਲਘਰ ਸਥਾਪਿਤ ਕੀਤਾ ਗਿਆ ਹੈ ਜਿਸਦੀ ਦੇਖ-ਰੇਖ ਪਿੰਡ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਜਲਘਰ ਦੀ ਸਾਂਭ ਸੰਭਾਲ ਤੇ ਬਿਲਾਂ ਦੀ ਵਸੂਲੀ ਇਸ ਕਮੇਟੀ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾਣੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਸੈਂਕੜੇ ਵਿਅਕਤੀਆਂ ਨੇ ਪਾਣੀ ਦੇ ਬਿਲਾਂ ਦੀ ਅਦਾਇਗੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 2011 ਤੋਂ ਬਿਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਰਾਂ ਦੀ ਗਿਣਤੀ 300 ਤੋਂ ਵੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਫਾਲਟਰਾਂ ਕਾਰਨ 15 ਲੱਖ ਤੋਂ ਵੀ ਵੱਧ ਦਾ ਬਕਾਇਆ ਬਿਲਾਂ ਦੇ ਰੂਪ ’ਚ ਲੋਕਾਂ ਵੱਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਪੰਚਾਇਤ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਗੁਰਮੀਤ ਸਿੰਘ ਤੇ ਹੋਰਾਂ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਬਿਲਾਂ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸਾਰੇ ਪਿੰਡ ਦੀ ਜਲ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨਾਜਾਇਜ਼ ਚੱਲ ਰਹੇ ਪਾਣੀ ਦੇ ਕੁਨੈਕਸ਼ਨ ਕੱਟੇ ਜਾਣ ਦੀ ਮੰਗ ਕਰਦਿਆਂ ਇਸ ਸਬੰਧੀ ਪ੍ਰਸ਼ਾਸਨ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ। ਬਿਲ ਨਾ ਭਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾਣਗੇ: ਸਰਪੰਚ ਖਿਜ਼ਰਾਬਾਦ ਦੀ ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਪਿੰਡ ਦੀ ਪਿਛਲੀ ਪੰਚਾਇਤ ਨੇ ਪੰਜ ਸਾਲਾਂ ’ਚ ਪਾਣੀ ਦੇ ਬਿਲਾਂ ਦੀ ਵਸੂਲੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਪਾਣੀ ਦੇ ਬਿਲਾਂ ਦੀ ਵਸੂਲੀ ਲਈ ਪਿੰਡ ’ਚ ਮੁਨਾਦੀ ਕਰਵਾ ਦਿੱਤੀ ਹੈ ਤੇ 31 ਮਾਰਚ ਤੱਕ ਬਕਾਇਆ ਬਿਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾਣਗੇ।