Arash Info Corporation

ਲੁਧਿਆਣਾ ਵਿੱਚ ਚੋਰ ਗਰੋਹ ਨੇ ਛੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ

02

October

2018

ਲੁਧਿਆਣਾ, ਸ਼ਹਿਰ ’ਚ ਸਵਿੱਫ਼ਟ ਕਾਰ ਸਵਾਰ ਚੋਰ ਗਰੋਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਚੋਰ ਗਰੋਹ ਦੇ ਮੈਂਬਰ ਨਗਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੇ ਨਾਲ ਹੀ ਲੈ ਜਾਂਦੇ ਹਨ। ਚੋਰ ਗਰੋਹ ਦੇ ਮੈਂਬਰਾਂ ਨੇ ਐਤਵਾਰ ਦੀ ਦੇਰ ਰਾਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ 6 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ। ਚੋਰ ਗਰੋਹ ਦੇ ਮੈਂਬਰਾਂ ਨੇ ਬਸਤੀ ਜੋਧੇਵਾਲ ਰੋਡ ਦੀਆਂ ਚਾਰ ਦੁਕਾਨਾਂ ਦੇ ਤਾਲੇ ਤੋੜੇ। ਚੋਰ ਦੁਕਾਨਾਂ ’ਚੋਂ ਕੈਸ਼, ਬੈਟਰੀਆਂ ਤੇ ਹੋਰ ਕੀਮਤੀ ਸਾਮਾਨ ਲੈ ਗਏ। ਲੱਕੜ ਬਾਜ਼ਾਰ ਸਥਿਤ ਲੱਸੀ ਚੌਕ ’ਚ ਟੱਕਰ ਮੈਡੀਕਲ ਸਟੋਰ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਤੜਕੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਸਵਿਫ਼ਟ ਕਾਰ ਖੜ੍ਹੀ ਸੀ ਜਿਸ ’ਚੋਂ ਨੌਜਵਾਨ ਬਾਹਰ ਨਿਕਲੇ। ਇਲਾਕੇ ’ਚ ਚੌਕੀਦਾਰੀ ਕਰਨ ਵਾਲੇ ਵਿਅਕਤੀ ਨੇ ਸੋਚਿਆ ਕਿ ਦੁਕਾਨ ਮਾਲਕ ਦੁਕਾਨ ’ਤੇ ਆਏ ਹਨ ਪਰ ਜਦੋਂ ਕਾਰ ਸਵਾਰ ਚੌਕੀਦਾਰ ਨੂੰ ਦੇਖ ਘਬਰਾ ਗਏ ਤਾਂ ਚੌਕੀਦਾਰ ਨੂੰ ਸ਼ੱਕ ਹੋਇਆ। ਜਦੋਂ ਤੱਕ ਉਹ ਚੋਰਾਂ ਨੂੰ ਫੜਦਾ ਉਹ ਫ਼ਰਾਰ ਹੋ ਗਏ। ਹਰਪ੍ਰੀਤ ਦਾ ਕਹਿਣਾ ਹੈ ਕਿ ਉਹ ਤੁਰੰਤ ਦੁਕਾਨ ’ਤੇ ਪੁੱਜਾ। ਉਨ੍ਹਾਂ ਦੇਖਿਆ ਕਿ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ ’ਚੋਂ ਚੋਰ 30 ਹਜ਼ਾਰ ਦਾ ਕੈਸ਼ ਗ਼ਲੇ ਸਮੇਤ ਗਾਇਬ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਤਾਂ ਉਸ ’ਚ ਸਵਿਫ਼ਟ ਕਾਰ ਨਜ਼ਰ ਆ ਰਹੀ ਹੈ। ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ਦੀ ਪੁਲੀਸ ਨੂੰ ਕਰ ਦਿੱਤੀ ਹੈ। ਇਸੇ ਤਰ੍ਹਾ ਫਿਰੋਜ਼ੁਪਰ ਰੋਡ ਵਾਸੀ ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਫਿਰੋਜ਼ਪੁਰ ਰੋਡ ’ਤੇ ਸ੍ਰੀ ਬਾਲਾ ਜੀ ਇੰਟਰਪ੍ਰਾਈਸਜ਼ ਦੇ ਨਾਮ ਤੋਂ ਬੈਟਰੀਆਂ ਦੀ ਦੁਕਾਨ ਹੈ। ਚੋਰ ਗਰੋਹ ਦੇ ਮੈਂਬਰਾਂ ਨੇ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ ਛੋਟੀਆਂ ਛੋਟੀਆਂ 15 ਬੈਟਰੀਆਂ ਤੇ 15 ਹਜ਼ਾਰ ਰੁਪਏ ਕੈਸ਼ ਚੋਰੀ ਕਰ ਲਿਆ। ਸਵੇਰੇ ਚਾਰ ਵਜੇ ਸੈਰ ਕਰ ਰਹੇ ਉਨ੍ਹਾਂ ਦੇ ਸਾਥੀ ਨੇ ਫੋਨ ’ਤੇ ਇਸ ਬਾਰੇ ਦੱਸਿਆ। ਗੁਆਂਢੀ ਨੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਉਸ ਦੀ ਦੁਕਾਨ ਦੇ ਬਾਹਰ ਖੜ੍ਹੀ ਹੋਈ ਸੀ। ਉਨ੍ਹਾਂ ਇਸ ਸੰਬੰਧ ’ਚ ਥਾਣਾ ਪੀਏਯੂ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮਗਰੋਂ ਚੋਰਾਂ ਨੇ ਬਸਤੀ ਜੋਧੇਵਾਲ ਰੋਡ ਸਥਿਤ ਪ੍ਰੇਮ ਰੈਡੀਮੇਡ ਗਾਰਮੈਂਟ ਨੂੰ ਨਿਸ਼ਾਨਾ ਬਣਾਇਆ। ਦੁਕਾਨ ਮਾਲਕ ਹੇਮਰਾਜ ਲਾਡੀ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਖੋਲ੍ਹਣ ਪੁੱਜਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਚੋਰ ਉਸ ਦੀ ਦੁਕਾਨ ’ਚੋਂ 10 ਹਜ਼ਾਰ ਕੈਸ਼ ਤੇ ਹੋਰ ਸਾਮਾਨ ਲੈ ਗਏ ਸਨ। ਸੁੰਦਰ ਨਗਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬਸਤੀ ਜੋਧੇਵਾਲ ਰੋਡ ’ਤੇ ਪੰਜਾਬ ਬੂਟ ਸਟੋਰ ਦੇ ਨਾਮ ਤੋਂ ਦੁਕਾਨ ਹੈ। ਜਦੋਂ ਉਹ ਦੁਕਾਨ ’ਤੇ ਪੁੱਜਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਉਸ ਦੀ ਦੁਕਾਨ ’ਚੋਂ ਵੀ ਚੋਰ 20 ਹਜ਼ਾਰ ਤੇ ਕੁਝ ਬੂਟਾਂ ਦੇ ਜੋੜੇ ਲੈ ਗਏ। ਸੁੰਦਰ ਨਗਰ ਸਥਿਤ ਪੀਐਨਬੀ ਬੈਂਕ ਦੇ ਕੋਲ ਕੇਅਰ ਇੰਡੀਆ ਦੇ ਨਾਮ ਤੋਂ ਦਵਾਈਆਂ ਦੀ ਦੁਕਾਨ ਤੇ ਲੈਬੋਰਟਰੀ ਚਲਾਉਣ ਵਾਲੇ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਐਤਵਾਰ ਨੂੰ ਦੁਕਾਨ ਬੰਦ ਕਰ ਚਲਾ ਗਿਆ ਸੀ। ਦੇਰ ਰਾਤ 2 ਵਜੇ ਪਤਾ ਲੱਗਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਚੋਰ ਗਰੋਹ ਦੇ ਮੈਂਬਰ ਦੁਕਾਨ ’ਚੋਂ ਨਗਦੀ ਤੇ ਹੋਰ ਸਾਮਾਨ ਲੈ ਗਏ। ਬਸਤੀ ਜੋਧੇਵਾਲ ਰੋਡ ’ਤੇ ਮਨਜੀਤ ਕਲਾਥ ਹਾਊਸ ਹੈ। ਉਸ ਦੇ ਮਾਲਕ ਰਿੰਕੂ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਹੈ। ਜਾਂਦੇ ਹੋਏ ਚੋਰ ਉਨ੍ਹਾਂ ਦੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਟ ਗਏ ਤੇ ਡੀਵੀਆਰ ਨਾਲ ਲੈ ਗਏ। ਸਾਰੇ ਹੀ ਮਾਮਲਿਆਂ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਟੇਰਿਆਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਫੋਨ ਖੋਹੇ ? ਲੁਟੇਰਾ ਗਰੋਹ ਦੇ ਮੈਂਬਰਾਂ ਨੇ ਪਿਛਲੇ ਦੋ ਦਿਨਾਂ ’ਚ ਵੱਖ-ਵੱਖ ਥਾਂਵਾਂ ’ਤੇ ਦੋ ਵਿਅਕਤੀਆਂ ਦੇ ਮੋਬਾਈਲ ਫੋਨ ਖੋਹ ਲਏ। ਪੁਲੀਸ ਲਟੁੇਰਿਆਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਕੋਟ ਮੰਗਲ ਸਿੰਘ ਨਗਰ ਦੇ ਰਹਿਣ ਵਾਲੇ ਗੁਰਸਾਹਿਬ ਸਿੰਘ ਨੇ ਡੇਹਲੋਂ ਪੁਲੀਸ ਦੇ ਕੋਲ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਗੁਰਸਾਹਿਬ ਸਿੰਘ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਪਿੱਛੇ ਸੜਕ ’ਤੇ ਉਹ ਫੋਨ ਸੁਣ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ ਤੇ ਉਸ ਦਾ ਮੋਬਾਈਲ ਖੋਹ ਕੇ ਲੈ ਗਏ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁੱਗਰੀ ਦੇ ਧਾਂਦਰਾ ਰੋਡ ਸਥਿਤ ਗ਼ੋਲਡਨ ਐਵੀਨਿਊ ’ਚ ਰਹਿਣ ਵਾਲੇ ਅਸ਼ਵਨੀ ਕੁਮਾਰ ਨੇ ਥਾਣਾ ਦੁੱਗਰੀ ’ਚ ਅਣਪਛਾਤੇ ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਅਸ਼ਵਨੀ ਕੁਮਾਰ ਅਨੁਸਾਰ ਉਹ ਰੇਲਵੇ ਵਿਭਾਗ ’ਚ ਕਰਮੀ ਹੈ। ਐਤਵਾਰ ਨੂੰ ਉਹ ਆਪਣੀ ਡਿਊਟੀ ਖਤਮ ਕਰਨ ਕਰੀਬ ਸਾਢੇ 12 ਵਜੇ ਘਰ ਜਾ ਰਿਹਾ ਸੀ। ਰਸਤੇ ’ਚ ਜਦੋਂ ਉਹ ਧਾਂਦਰਾ ਰੋਡ ਕੋਲ ਪੁੱਜਿਆ ਤਾਂ ਲੁਟੇਰਾ ਗਿਰੋਹ ਦੇ ਮੈਂਬਰਾਂ ਨੇ ਉਸ ਦੇ ਰਾਡ ਮਾਰ ਕੇ ਰੋਕ ਲਿਆ ਤੇ ਹਥਿਆਰ ਦੀ ਨੋਕ ’ਤੇ ਉਸ ਦਾ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ।

E-Paper

Calendar

Videos