ਮੁਲਾਜ਼ਮਾਂ ਨੇ ਦੂਜੇ ਦਿਨ ਵੀ ਠੱਪ ਰੱਖਿਆ ਕੰਮ-ਕਾਰ

09

March

2019

ਚੰਡੀਗੜ੍ਹ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਅੱਜ ਦੂਸਰੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖ ਕੇ ਪੰਜਾਬ ਸਕੱਤਰੇਤ, ਵਿਭਾਗਾਂ ਦੇ ਮੁੱਖ ਦਫਤਰਾਂ ਅਤੇ ਸੂਬੇ ਭਰ ਦੇ ਜ਼ਿਲ੍ਹਾ ਅਤੇ ਤਹਿਸੀਲ ਦਫਤਰਾਂ ਦੇ ਕੰਮ ਠੱਪ ਰਖੇ। ਸੂਤਰਾਂ ਅਨੁਸਾਰ ਸਰਕਾਰ ਨੇ ਹੰਗਾਮੀ ਮੀਟਿੰਗਾਂ ਕਰਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਅਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨਾਲ ਪਿਛਲੇ ਦਿਨੀਂ ਗੱਲਬਾਤ ਕਰਕੇ ਮੰਨੀਆਂ ਮੰਗਾਂ ਦੀਆਂ ਫਾਈਲਾਂ ਨੂੰ ਅੰਤਿਮ ਰੂਪ ਦੇਣ ਦੀ ਕਾਰਵਾਈ ਵਿੱਢ ਦਿੱਤੀ ਹੈ ਪਰ ਅੱਜ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਨਹੀਂ ਗਿਆ। ਆਗੂਆਂ ਨੇ ਮੰਗਾਂ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਤਕ ਹੜਤਾਲ ਜਾਰੀ ਰੱਖਣ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਚੋਣ ਜ਼ਾਬਤੇ ਤਕ ਮੰਗਾਂ ਲਟਕਾ ਕੇ ਆਪਣਾ ਖਹਿੜਾ ਛੁਡਾਉਣਾ ਚਾਹੁੰਦੀ ਹੈ ਪਰ ਮੁਲਾਜ਼ਮ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਬਰਾਬਰ ਰੈਲੀਆਂ ਕਰਕੇ ਕੈਪਟਨ ਸਰਕਾਰ ਦਾ ਇਹ ਵਹਿਮ ਵੀ ਕੱਢ ਦੇਣਗੇ। ਅੱਜ ਮਹਿਲਾ ਦਿਵਸ ਮੌਕੇ ਮਹਿਲਾ ਮੁਲਾਜ਼ਮਾਂ ਨੇ ਹੜਤਾਲ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ਜਿਸ ਤਹਿਤ ਚੰਡੀਗੜ੍ਹ ਦੇ ਸੈਕਟਰ-17 ਵਿਚ ਰੈਲੀ ਕੀਤੀ ਗਈ। ਇਸ ਦੌਰਾਨ ਮਹਿਲਾ ਮੁਲਾਜ਼ਮਾਂ ਨੇ ਸੰਗਰਾਮੀ ਗੀਤ ਗਾ ਕੇ ਸੰਘਰਸ਼ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਉਨ੍ਹਾਂ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜੋੜੀ ਡੀਏ ਨੂੰ ਡੀ-ਲਿੰਕ ਕਰਨ ਦਾ ਯਤਨ ਕਰਕੇ ਮੁਲਾਜ਼ਮ ਵਰਗ ਦੀ ਹੋਂਦ ਨੂੰ ਖਤਮ ਕਰਨ ਦੀ ਚਾਲ ਚੱਲ ਰਹੀ ਹੈ। ਅੱਜ ਸਵੇਰੇ ਹੀ ਪੰਜਾਬ ਸਕੱਤਰੇਤ, ਚੰਡੀਗੜ੍ਹ ਤੇ ਮੁਹਾਲੀ ਸਥਿਤ ਸਰਕਾਰੀ ਵਿਭਾਗਾਂ ਦੇ ਮੁੱਖ ਦਫਤਰਾਂ, ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ, ਖਜ਼ਾਨਾ ਦਫਤਰਾਂ ਸਮੇਤ ਹਰੇਕ ਵਿਭਾਗਾਂ ਦੇ ਮੁਲਾਜ਼ਮਾਂ ਨੇ ਹੜਤਾਲ ਕਰਕੇ ਨਾਅਰੇਬਾਜ਼ੀ ਕੀਤੀ। ਸੁਖਚੈਨ ਖਹਿਰਾ ਤੇ ਮੇਘ ਸਿੰਘ ਸਿੱਧੂ ਨੇ ਕਿਹਾ ਕਿ 3 ਮੰਤਰੀਆਂ ਆਧਾਰਤ ਕਮੇਟੀ ਨੇ ਕਈ ਮੰਗਾਂ ਮੰਨੀਆਂ ਸੀ। ਸਰਕਾਰ ਵੱਲੋਂ ਇਸ ਦੇ ਉਲਟ 7 ਫੀਸਦ ਡੀਏ ਦੇਣ ਦੀ ਨੋਟੀਫਿਕੇਸ਼ਨ ਗੋਲਮੋਲ ਜਾਰੀ ਕਰਕੇ ਖੁਦ ਬੇਵਿਸ਼ਵਾਸੀ ਪੈਦਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਡਰਾਈਵਰਾਂ ਸਮੇਤ ਰੈਵਨਿਊ ਪਟਵਾਰੀਆਂ, ਮਾਸਟਰ ਕਾਡਰ ਯੂਨੀਅਨ ਆਦਿ ਨੇ ਵੀ 11 ਮਾਰਚ ਤੋਂ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ 11 ਮਾਰਚ ਤੋਂ ਮੁਲਾਜ਼ਮ ਵਰਗ ਸਰਕਾਰ ਵਿਰੁੱਧ ਸੜਕਾਂ ’ਤੇ ਨਿਕਲ ਆਵੇਗਾ। ਮੁੱਖ ਮੰਤਰੀ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ਖ਼ਤਮ ਕਰਕੇ ਕੰਮ ’ਤੇ ਪਰਤ ਆਉਣ। ਉਨ੍ਹਾਂ ਕਿਹਾ ਕਿ ਵਜ਼ਾਰਤ ਦੀ ਸਬ-ਕਮੇਟੀ ਦੀਆਂ ਸਾਰੀਆਂ ਸਿਫਾਰਿਸ਼ਾਂ ਇੰਨ-ਬਿੰਨ ਲਾਗੂ ਕੀਤੀਆਂ ਜਾਣਗੀਆਂ।